ਨੈਸ਼ਨਲ ਡੈਸਕ– ਉਤਰ ਪ੍ਰਦੇਸ਼ ’ਚ ਸਾਲ 2022 ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਉਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜ ਦਿਨਾਂ ’ਚ ਦੋ ਵਾਰ ਸੂਬੇ ਦੇ ਦੌਰੇ ’ਤੇ ਜਾਣਗੇ। ਆਪਣੇ ਦੌਰੇ ਦੌਰਾਨ ਪੀ.ਐੱਮ. ਮੋਦੀ ਉਤਰ ਪ੍ਰਦੇਸ਼ ਨੂੰ ਵੱਡੀ ਸੌਗਾਤ ਦੇਣਗੇ। ਪੀ.ਐੱਮ. ਮੋਦੀ ਪਹਿਲਾਂ 20 ਅਕਤੂਬਰ ਨੂੰ ਤਥਾਗਤ ਗੌਤਮ ਬੁੱਧ ਦੀ ਮਹਾਪਰਿਨਿਰਵਾਣ ਸਥਾਲੀ ਕੁਸ਼ੀਨਗਰ ’ਚ ਕੌਮਾਂਤਰੀ ਹਵਾਈ ਅੱਡੇ ਦਾ ਉਦਘਾਟਨ ਕਰਨਗੇ ਜਦਕਿ 25 ਅਕਤੂਬਰ ਨੂੰ ਉਹ ਸਿਧਾਰਥ ਨਾਥ ਜ਼ਿਲ੍ਹੇ ਤੋਂ 7 ਨਵੇਂ ਮੈਡੀਕਲ ਕਾਲਜਾਂ ਦੀ ਸੌਗਾਤ ਉਤਰ ਪ੍ਰਦੇਸ਼ ਨੂੰ ਦੇਣਗੇ।
ਪ੍ਰਧਾਨ ਮੰਤਰੀ ਦੇ ਦੌਰੇ ਦੇ ਮੱਦੇਨਜ਼ਰ ਸੰਬੰਧਿਤ ਜ਼ਿਲ੍ਹਿਆਂ ’ਚ ਤਿਆਰੀਆਂ ਸਿਖਰ ’ਤੇ ਹਨ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਖੁਦ ਤਿਆਰੀਆਂ ’ਤੇ ਨਜ਼ਰ ਰੱਖ ਰਹੇ ਹਨ। ਇਸੇ ਸਿਲਸਿਲੇ ’ਚ ਉਨ੍ਹਾਂ ਨੇ ਐਤਵਾਰ ਨੂੰ ਟੀਮ-09 ਦੀ ਬੈਠਕ ’ਚ ਕਿਹਾ ਕਿ 20 ਅਕਤੂਬਰ ਨੂੰ ਕੁਸ਼ੀਨਗਰ ’ਚ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਪ੍ਰਧਾਨ ਮੰਤਰੀ ਦੁਆਰਾ ਕੀਤਾ ਜਾਵੇਗਾ। ਕੁਸ਼ੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਲਾਂਚ ਈਵੈਂਟ ’ਚ ਰਾਜਪਾਲ ਆਨੰਦੀ ਬੇਨ ਪਟੇਲ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਸਮੇਤ 25 ਡੇਲੀਗੇਟਸ ਅਤੇ 100 ਬੌਧੀ ਪੈਰੋਕਾਰ ਵੀ ਪਹੁੰਚ ਰਹੇ ਹਨ।