ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੰਘਾਈ ਸਹਿਯੋਗ ਸੰਘ (ਐੱਸ. ਸੀ. ਓ.) ਦੇ ਵੈਬੀਨਾਰ ਵਿਚ ਕਿਹਾ ਕਿ ਅੱਤਵਾਦ ਵਿਰੁੱਧ ਲੜਾਈ ਵਿਚ ਔਰਤਾਂ ਦੀ ਭਾਈਵਾਲੀ ਜ਼ਰੂਰੀ ਹੈ ਅਤੇ ਉਨ੍ਹਾਂ ਤੋਂ ਬਿਨਾਂ ਇਸ ਨੂੰ ਜਿੱਤਿਆ ਨਹੀਂ ਜਾ ਸਕਦਾ। ਪਾਕਿਸਤਾਨ ਅਤੇ ਚੀਨ ਦਾ ਨਾਂ ਲਏ ਬਿਨਾਂ ਉਨ੍ਹਾਂ ਕਿਹਾ ਕਿ ਗੈਰ-ਸਟੇਟ ਐਕਟਰ ਅਤੇ ਗੈਰ-ਜ਼ਿੰਮੇਵਾਰਾਨਾ ਦੇਸ਼ ਅੱਤਵਾਦ ਦੀ ਹਥਿਆਰ ਵਾਂਗ ਵਰਤੋਂ ਕਰ ਰਹੇ ਹਨ। ਇਸ ਨੂੰ ਕਿਸੇ ਵੀ ਸੂਰਤ ਵਿਚ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਐੱਸ. ਸੀ. ਓ. ਦੇਸ਼ਾਂ ਦੇ ਸਭ ਨਾਗਰਿਕਾਂ ਨੂੰ ਅੱਤਵਾਦ ਦੇ ਸਾਂਝੇ ਖਤਰੇ ਨਾਲ ਮਿਲ ਕੇ ਨਜਿੱਠਣਾ ਹੋਵੇਗਾ। ਔਰਤਾਂ ਵੀ ਹਥਿਆਰਬੰਦ ਫੋਰਸਾਂ ਨੂੰ ਸਹਿਯੋਗ ਦੇਣਗੀਆਂ। ਉਨ੍ਹਾਂ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਅਤੇ ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੀ ਭੂਮਿਕਾ ਦਾ ਵੀ ਜ਼ਿਕਰ ਕੀਤਾ। ਰਾਜਨਾਥ ਨੇ ਕਿਹਾ ਕਿ ਔਰਤਾਂ ਨੂੰ ਮਿਲੇ ਮੌਕਿਆਂ ਦਾ ਹੀ ਸਿੱਟਾ ਹੈ ਕਿ ਅੱਜ ਫੌਜ ਵਿਚ ਔਰਤਾਂ ਲੈਫਟੀਨੈਂਟ ਜਨਰਲ ਦੇ ਅਹੁਦੇ ਤੱਕ ਪਹੁੰਚ ਗਈਆਂ ਹਨ। ਅਗਲੇ ਸਾਲ ਤੋਂ ਦੇਸ਼ ਦੀ ਰਾਸ਼ਟਰੀ ਰੱਖਿਆ ਅਕੈਡਮੀ (ਐੱਨ. ਡੀ. ਏ.) ਦੇ ਦਰਵਾਜ਼ੇ ਵੀ ਔਰਤਾਂ ਲਈ ਖੋਲ੍ਹ ਦਿੱਤੇ ਗਏ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਨਾਲ 1971 ਦੀ ਜੰਗ ਵਿਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨਾ ਸਿਰਫ ਕਈ ਸਾਲ ਤੱਕ ਦੇਸ਼ ਦੀ ਕਮਾਂਡ ਸੰਭਾਲੀ, ਸਗੋਂ ਜੰਗ ਦੇ ਸਮੇਂ ਵੀ ਅਗਵਾਈ ਕੀਤੀ।
ਸੁਰੱਖਿਆ ਦੇ ਨਾਲ ਅਰੁਣਾਚਲ ਦੀ ਜੀਵਨ ਰੇਖਾ ਬਣੇਗੀ ਸੇਲਾ ਸੁਰੰਗ
ਰਾਜਨਾਥ ਨੇ ਕਿਹਾ ਕਿ ਅਰੁਣਾਚਲ ਵਿਚ ਬਣਾਈ ਜਾ ਰਹੀ ਸੇਲਾ ਸੁਰੰਗ ਕੌਮੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਖੇਤਰ ਦੀ ਸਮਾਜਿਕ ਸਥਿਤੀ ਨੂੰ ਵੀ ਮਜ਼ਬੂਤ ਕਰੇਗੀ। ਆਉਣ ਵਾਲੇ ਸਮੇਂ ਵਿਚ ਤਵਾਂਗ ਸਮੇਤ ਉਹ ਪੂਰੇ ਸੂਬੇ ਲਈ ਜੀਵਨ ਰੇਖਾ ਸਾਬਿਤ ਹੋਵੇਗੀ। ਸਾਡੇ ਬੀ. ਆਰ. ਓ. ਗਰਮੀ, ਮੀਂਹ ਅਤੇ ਬਰਫਬਾਰੀ ਵਿਚ ਵੀ ਫੌਜ ਅਤੇ ਸਿਵਲ ਮੰਤਵਾਂ ਨਾਲ ਸੜਕਾਂ ਅਤੇ ਪੁਲਾਂ ਦੀ ਉਸਾਰੀ ਕਰਦੇ ਰਹਿੰਦੇ ਹਨ। ਪਿਛਲੇ ਕੁਝ ਸਾਲਾਂ ਵਿਚ ਤਾਂ ਬੀ. ਆਰ. ਓ. ਨੇ ਅਜਿਹੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ, ਜੋ ਪੂਰੀ ਦੁਨੀਆ ਲਈ ਅਧਿਐਨ ਦਾ ਵਿਸ਼ਾ ਬਣ ਗਈਆਂ ਹਨ।
ਰਾਜਨਾਥ ਨੂੰ ਮਿਲ ਕੇ ਬੋਲੇ ਭੁਲਈ ਭਾਈ-ਜਿਵੇਂ ਭਗਵਾਨ ਕ੍ਰਿਸ਼ਨ ਨੂੰ ਮਿਲੇ ਹੋਣ ਸੁਦਾਮਾ
ਭਾਜਪਾ ਦੇ ਸੀਨੀਅਰ ਮੈਂਬਰ 106 ਸਾਲਾ ਨਾਰਾਇਣ ਉਰਫ ਭੁਲਈ ਭਾਈ ਨਾਲ ਵੀਰਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਧ ਨਾਰਾਇਣ ਨੇ ਕਿਹਾ ਕਿ ਜਿਵੇਂ ਭਗਵਾਨ ਕ੍ਰਿਸ਼ਨ ਨੂੰ ਮਿਲੇ ਹੋਣ ਸੁਦਾਮਾ। ਉਹ ਪਾਰਟੀ ਅਤੇ ਇਸ ਦੇ ਪੁਰਾਣੇ ਸੰਗਠਨ ਜਨਸੰਘ ਨਾਲ 70 ਵਰ੍ਹਿਆਂ ਤੋਂ ਜੁੜੇ ਹੋਏ ਹਨ। ਸਾਬਕਾ ਵਿਧਾਇਕ ਨਾਰਾਇਣ ਜਨਸੰਘ ਦੇ ਦਿਨਾਂ ’ਚ ਸਰਗਰਮ ਸਿਆਸਤ ’ਚ ਸਨ। ਨਾਰਾਇਣ ਦਾ ਰਾਜਨਾਥ ਨਾਲ 1977 ਤੋਂ ਸਬੰਧ ਰਿਹਾ ਹੈ, ਜਦ ਦੋਵੇਂ ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਮੈਂਬਰ ਸਨ।