ਫਰੀਦਕੋਟ : ਸਿੰਘੂ ਬਾਰਡਰ ’ਤੇ ਨੌਜਵਾਨ ਦਾ ਬੁਰੀ ਤਰ੍ਹਾਂ ਵੱਢ-ਟੁੱਕ ਕਰਕੇ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਬੈਰੀਕੇਡ ਨਾਲ ਲਟਕਾਉਣ ਦੀ ਘਟਨਾ ਦੀ ਕਿਸਾਨ ਆਗੂ ਗੁਰਨਾਮ ਸਿੰਘ ਚਢੁਨੀ ਨੇ ਨਿੰਦਾ ਕੀਤੀ ਹੈ। ਫਰੀਦਕੋਟ ਪਹੁੰਚੇ ਗੁਰਨਾਮ ਸਿੰਘ ਚਢੂਨੀ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਮੋਰਚੇ ਨੂੰ ਨੁਕਸਾਨ ਪਹੁੰਚਦਾ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਮੀਟਿੰਗ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਅਗਲਾ ਕਦਮ ਚੁੱਕਿਆ ਜਾਵੇਗਾ। ਇਸ ਦੌਰਾਨ ਚਢੂਨੀ ਨੇ ਸਾਫ-ਸਾਫ ਕਿਹਾ ਕਿ 2022 ਦੀਆਂ ਚੋਣਾਂ ਦੌਰਾਨ ਉਨ੍ਹਾਂ ਨੂੰ ਰਾਜਨੀਤਕ ਬਦਲ ਲੱਭਣਾ ਪਵੇਗਾ, ਜਿਸ ਨੂੰ ਲੈ ਕੇ ਉਹ ਤਿਆਰੀ ਕਰ ਰਹੇ ਹਨ। ਇਸ ਲਈ ਉਨ੍ਹਾਂ ਲੋਕਾਂ ਦਾ ਸਹਿਯੋਗ ਵੀ ਮੰਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹਿਮਤੀ ਅਤੇ ਸਹਿਯੋਗ ਮਿਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਿਰਫ ਮਾਲ਼ਾ ਜੱਪਣ ਨਾਲ ਮਸਲੇ ਹੱਲ ਨਹੀਂ ਹੋਣਗੇ ਕਿਉਂਕਿ 10 ਮਹੀਨੇ ਤੋਂ ਸੰਘਰਸ਼ ਚੱਲ ਰਿਹਾ ਹੈ। ਲਗਭਗ 700 ਕਿਸਾਨਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਫਿਰ ਵੀ ਸਰਕਾਰ ’ਤੇ ਕੋਈ ਅਸਰ ਨਹੀਂ ਹੋ ਰਿਹਾ। ਇਸ ਮਸਲੇ ਦੇ ਹੱਲ ਲਈ ਸਿਆਸਤ ਵਿਚ ਆ ਕੇ ਇਸੇ ਭਾਸ਼ਾ ਵਿਚ ਜਵਾਬ ਦੇਣਾ ਜ਼ਰੂਰੀ ਹੈ। ਉਨ੍ਹਾਂ ਸਾਫ ਕਿਹਾ ਕਿ ਉਹ ਮੋਰਚੇ ਤੋਂ ਲਾਭ ਲੈਣ ਦੀ ਕੋਸ਼ਿਸ਼ ਨਹੀਂ ਕਰ ਰਹੇ ਹਨ ਸਗੋਂ ਸਮੇਂ ਦੀ ਮੰਗ ਦੇ ਚੱਲਦੇ, ਸਿਆਸਤ ਨੂੰ ਅਪਨਾਉਣ ਦਾ ਬਦਲ ਚੁਣ ਰਹੇ ਹਨ।