ਗੁਰਦਾਸਪੁਰ – ਪੰਜਾਬ ਸਰਕਾਰ ਅੰਦਰ ਹੋਏ ਵੱਡੇ ਫੇਰਬਦਲ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ 17 ਅਕਤੂਬਰ ਨੂੰ ਕੈਬਨਿਟ ਮੰਤਰੀ ਅਰੁਣਾ ਚੌਧਰੀ ਦੀ ਅਪੀਲ ’ਤੇ ਗੁਰਦਾਸਪੁਰ ਅੰਦਰ ਪਹੁੰਚ ਰਹੇ ਹਨ। ਉਨ੍ਹਾਂ ਦੀ ਆਮਦ ਨੂੰ ਲੈ ਕੇ ਜਿਥੇ ਅਰੁਣਾ ਚੌਧਰੀ ਦੀ ਅਗਵਾਈ ਹੇਠ ਹਲਕਾ ਦੀਨਾਨਗਰ ਦੇ ਕਾਂਗਰਸੀ ਆਗੂਆਂ ਵੱਲੋਂ ਪੂਰੇ ਉਤਸ਼ਾਹ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਉਥੇ ਜ਼ਿਲ੍ਹੇ ਦੇ ਸਿਵਲ ਅਤੇ ਪੁਲਸ ਪ੍ਰਸ਼ਾਸਨ ਨੇ ਵੀ ਨਵੇਂ ਮੁੱਖ ਮੰਤਰੀ ਦੀ ਜ਼ਿਲ੍ਹੇ ਅੰਦਰ ਪਹਿਲੀ ਫੇਰੀ ਨੂੰ ਪ੍ਰਭਾਵਸ਼ਾਲੀ ਅਤੇ ਯਾਦਗਾਰੀ ਬਣਾਉਣ ਲਈ ਕਮਰ ਕੱਸ ਲਈ ਹੈ।
ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਅਰੁਣਾ ਚੌਧਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਅਸ਼ੋਕ ਚੌਧਰੀ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰੁਝੇਵੇਂ ਬਹੁਤ ਜ਼ਿਆਦਾ ਹਨ। ਇਸ ਦੇ ਬਾਵਜੂਦ ਉਨ੍ਹਾਂ ਹਲਕਾ ਦੀਨਾਨਗਰ ’ਚ ਆ ਕੇ ਕੁਝ ਪ੍ਰਾਜੈਕਟਾਂ ਦੇ ਨੀਂਹ ਪੱਧਰ ਰੱਖਣ ਅਤੇ ‘ਮੇਰਾ ਘਰ ਮੇਰੇ ਨਾਂ’ ਮੁਹਿੰਮ ਦੀ ਸ਼ੁਰੂਆਤ ਲਈ ਸੂਬਾ ਪੱਧਰੀ ਸਮਾਮਗ ਕਰਨ ਲਈ ਸਹਿਮਤੀ ਦਿੱਤੀ ਹੈ, ਜਿਸ ਕਾਰਨ ਇਕੱਲੇ ਦੀਨਾਨਗਰ ਹਲਕੇ ਦੇ ਲੋਕ ਹੀ ਨਹੀਂ ਸਗੋਂ ਪੂਰੇ ਜ਼ਿਲ੍ਹੇ ਦੇ ਲੋਕਾਂ ’ਚ ਚੰਨੀ ਦੀ ਆਮਦ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਦੀਨਾਨਗਰ ’ਚ ਰੱਖੇ ਜਾਣਗੇ 2 ਪ੍ਰਾਜੈਕਟਾਂ ਦੇ ਨੀਂਹ ਪੱਥਰ
ਚੌਧਰੀ ਨੇ ਦੱਸਿਆ ਕਿ ਮੁੱਖ ਮੰਤਰੀ ਸਵੇਰੇ 10.30 ਵਜੇ ਲੈਂਡ ਕਰਨਗੇ, ਜਿਸ ਤੋਂ ਬਾਅਦ ਉਹ ਦੀਨਾਨਗਰ ਵਿਚ ਉਸਾਰੇ ਜਾਣ ਵਾਲੇ ਤਹਿਸੀਲ ਕੰਪਲੈਕਸ ਦੀ ਇਮਾਰਤ ਅਤੇ ਇਕ ਪਾਰਕ ਦਾ ਨੀਂਹ ਪੱਥਰ ਰੱਖਣਗੇ। ਉਨ੍ਹਾਂ ਕਿਹਾ ਕਿ ਇਸ ਉਪਰੰਤ ਮੁੱਖ ਮੰਤਰੀ ਸਰਕਾਰ ਵੱਲੋਂ ਸ਼ੁਰੂ ਕੀਤੀ ਨਵੀਂ ਮੁਹਿੰਮ ‘ਮੇਰਾ ਘਰ ਮੇਰੇ ਨਾਂ’ ਦੇ ਰਸਮੀ ਆਗਾਜ਼ ਲਈ ਸੂਬਾ ਪੱਧਰੀ ਸਮਾਗਮ ’ਚ ਸ਼ਿਰਕਤ ਕਰਨਗੇ ਅਤੇ ਆਪਣੇ ਹੱਥੀਂ ਇਸ ਮੁਹਿੰਮ ਦੇ ਲਾਭਪਾਤਰੀਆਂ ਨੂੰ ਸੰਪਤੀ ਕਾਰਡ ਵੰਡਣਗੇ। ਚੌਧਰੀ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਤੋਂ ਪੰਜਾਬ ਨੂੰ ਵੱਡੀਆਂ ਉਮੀਦਾਂ ਹਨ ਕਿਉਂਕਿ ਉਨ੍ਹਾਂ ਨੇ ਕੁਝ ਹੀ ਦਿਨਾਂ ’ਚ ਸ਼ਾਨਦਾਰ ਕਾਰਗੁਜ਼ਾਰੀ ਦਿਖਾ ਕੇ ਸੂਬੇ ਦੇ ਹਰੇਕ ਵਰਗ ਦੇ ਲੋਕਾਂ ਦੇ ਦਿਲ ਜਿੱਤ ਲਏ ਹਨ।
ਸਿਵਲ ਅਤੇ ਪੁਲਸ ਪ੍ਰਸ਼ਾਸਨ ਨੇ ਤਿਆਰੀਆਂ ਲਈ ਕੱਸੀ ਕਮਰ
ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਅਤੇ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਦੀ ਅਗਵਾਈ ਹੇਠ ਸਿਵਲ ਅਤੇ ਪੁਲਸ ਪ੍ਰਸ਼ਾਸਨ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤਹਿਤ ਡੀ. ਸੀ. ਵੱਲੋਂ ਸਾਰੇ ਅਧਿਕਾਰੀਆਂ ਦੀਆਂ ਟੀਮਾਂ ਦਾ ਗਠਿਤ ਕਰ ਕੇ ਡਿਊਟੀਆਂ ਸੌਂਪ ਦਿੱਤੀਆਂ ਗਈਆਂ ਹਨ, ਜਿਸ ਤਹਿਤ ਸਾਰੀਆਂ ਟੀਮਾਂ ਆਪਣੇ-ਆਪਣੇ ਕੰਮ ਪੂਰੇ ਕਰ ਕੇ 16 ਅਕਤੂਬਰ ਦੀ ਸ਼ਾਮ ਨੂੰ ਲਿਖਤੀ ਰੂਪ ’ਚ ਰਿਪੋਰਟ ਪੇਸ਼ ਕਰਨਗੀਆਂ। ਇਸੇ ਤਰ੍ਹਾਂ ਪੁਲਸ ਵੱਲੋਂ ਵੀ ਮੁੱਖ ਮੰਤਰੀ ਦੀ ਸੁਰੱਖਿਆ ਅਤੇ ਹੋਰ ਪ੍ਰਬੰਧਾਂ ਲਈ ਯੋਜਨਾਬੰਦੀ ਕਰ ਕੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।