ਅੰਮ੍ਰਿਤਸਰ/ਜਲੰਧਰ : ਰਾਜ ਭਰ ’ਚ ਡੇਂਗੂ ਦੇ ਮਰੀਜ਼ਾਂ ਦੀ ਸਾਂਭ-ਸੰਭਾਲ ਅਤੇ ਠੀਕ ਇਲਾਜ ਸਾਡੀ ਪਹਿਲੀ ਜ਼ਿੰਮੇਵਾਰੀ ਹੈ ਅਤੇ ਇਸ ਵਿਚ ਕਿਸੇ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਪ ਮੁੱਖ ਮੰਤਰੀ ਓ. ਪੀ. ਸੋਨੀ ਨੇ ਅਧਿਕਾਰੀਆਂ ਨੂੰ ਇਹ ਸੁਨੇਹਾ ਦਿੰਦੇ ਹੋਏ ਰਾਜ ਭਰ ਵਿਚ ਹਸਪਤਾਲਾਂ ਦੀ ਜਾਂਚ-ਪੜਤਾਲ ਕਰਨ ਅਤੇ ਮਰੀਜ਼ਾਂ ਦਾ ਹਾਲ-ਚਾਲ ਜਾਣਨ ਲਈ ਵਿਸ਼ੇਸ਼ ਟੀਮਾਂ ਗਠਿਤ ਕਰ ਦਿੱਤੀਆਂ ਹਨ। ਦੱਸਣਯੋਗ ਹੈ ਕਿ ਉਪ ਮੁੱਖ ਮੰਤਰੀ ਨੇ ਬੀਤੇ ਦਿਨ ਖੁਦ ਸਿਵਲ ਹਸਪਤਾਲ ਅੰਮ੍ਰਿਤਸਰ ਦੀ ਚੈਕਿੰਗ ਅਚਨਚੇਤ ਪੁੱਜ ਕੇ ਕੀਤੀ ਸੀ ਅਤੇ ਡੇਂਗੂ ਵਾਰਡ ਵਿਚ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ ਸੀ। ਉਸੇ ਤਰਜ਼ ’ਤੇ ਰਾਜ ਭਰ ਦੇ ਸਰਕਾਰੀ ਹਸਪਤਾਲਾਂ ਵਿਚ ਚੱਲ ਰਹੇ ਡੇਂਗੂ ਦੇ ਇਲਾਜ ਦੀ ਮੌਜੂਦਾ ਹਾਲਤ ਜਾਣਨ ਅਤੇ ਮਰੀਜ਼ਾਂ ਦਾ ਹਾਲ ਪੁੱਛਣ ਲਈ ਸਿਹਤ ਵਿਭਾਗ ਦੇ ਐੱਮ. ਡੀ., ਡਾਇਰੈਕਟਰ ਅਤੇ ਹੋਰ ਅਧਿਕਾਰੀਆਂ ਦੀ ਡਿਊਟੀ ਉਪ ਮੁੱਖ ਮੰਤਰੀ ਦੇ ਨਿਰਦੇਸ਼ਾਂ ’ਤੇ ਲਗਾਈ ਗਈ ਹੈ। ਜਾਰੀ ਪੱਤਰ ਅਨੁਸਾਰ ਐੱਮ. ਡੀ. ਨੈਸ਼ਨਲ ਹੈਲਥ ਮਿਸ਼ਨ ਕੁਮਾਰ ਰਾਹੁਲ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਫਤਿਹਗੜ੍ਹ ਸਾਹਿਬ, ਰੋਪੜ ਅਤੇ ਸ਼ਹੀਦ ਭਗਤ ਸਿੰਘ ਦੇ ਸਾਰੇ ਹਸਪਤਾਲਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਇਸੇ ਤਰ੍ਹਾਂ ਐੱਮ. ਡੀ. ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਅਮਿਤ ਕੁਮਾਰ ਨੂੰ ਪਟਿਆਲਾ, ਸੰਗਰੂਰ, ਬਰਨਾਲਾ ਅਤੇ ਮਾਨਸਾ ਦੇ ਸਰਕਾਰੀ ਹਸਪਤਾਲਾਂ ਵਿਚ ਹੋ ਰਹੇ ਡੇਂਗੂ ਦੇ ਇਲਾਜ ਦਾ ਪਤਾ ਲਗਾਉਣ ਲਈ ਤਾਇਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਡਾਇਰੈਕਟਰ ਅੰਦੇਸ਼ ਕੰਗ ਨੂੰ ਲਗਾਇਆ ਗਿਆ ਹੈ। ਡਾਇਰੈਕਟਰ ਪਰਿਵਾਰ ਕਲਿਆਣ ਓ. ਪੀ. ਗੁਜਰਾਂ ਨੂੰ ਲੁਧਿਆਣਾ, ਮੋਗਾ, ਫਰੀਦਕੋਟ, ਬਠਿੰਡਾ ਅਤੇ ਮਲੇਰਕੋਟਲਾ ਦੀ ਜ਼ਿੰਮੇਵਾਰੀ ਦਿੱਤੀ ਹੈ ਅਤੇ ਡਾ. ਜੀ. ਬੀ. ਸਿੰਘ ਨੂੰ ਮੁਕਤਸਰ, ਫਾਜ਼ਿਲਕਾ, ਫਿਰੋਜ਼ਪੁਰ, ਕਪੂਰਥਲਾ ਅਤੇ ਜਲੰਧਰ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਦਿੰਦੇ ਤੁਰੰਤ ਫੀਲਡ ’ਚ ਜਾਣ ਦੀਆਂ ਹਦਾਇਤਾਂ ਕੀਤੀ ਗਈਆਂ ਹਨ। ਸੋਨੀ ਨੇ ਕਿਹਾ ਕਿ ਸਾਰੇ ਅਧਿਕਾਰੀ ਚਾਰ ਦਿਨਾਂ ’ਚ ਸਾਰੀ ਸਥਿਤੀ ਦੀ ਸਮੀਖਿਆ ਕਰ ਕੇ ਰਿਪੋਰਟ ਦੇਣਗੇ ਜਿਸ ਅਧਾਰ ’ਤੇ ਹੋਰ ਉਚੇਚੇ ਕਦਮ ਚੁੱਕੇ ਜਾਣਗੇ।