ਸਾਬਕਾ PM ਮਨਮੋਹਨ ਸਿੰਘ ਦੀ ਹਾਲਤ ਸਥਿਤ, ਏਮਜ਼ ’ਚ ਸਿਹਤ ਮੰਤਰੀ ਮਾਂਡਵੀਆ ਨੇ ਕੀਤੀ ਮੁਲਾਕਾਤ

ਨਵੀਂ ਦਿੱਲੀ — ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਨੇ ਇੱਥੇ ਅਖਿਲ ਭਾਰਤੀ ਆਯੁਵਿਗਿਆਨ ਸੰਸਥਾ (ਏਮਜ਼) ’ਚ ਦਾਖ਼ਲ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਵੀਰਵਾਰ ਨੂੰ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਸਿਹਤ ਦਾ ਹਾਲ ਜਾਣਿਆ। ਬੁਖ਼ਾਰ ਤੋਂ ਬਾਅਦ ਕਮਜ਼ੋਰੀ ਦੀ ਸ਼ਿਕਾਇਤ ਦੇ ਚੱਲਦੇ ਉਨ੍ਹਾਂ ਨੂੰ ਏਮਜ਼ ’ਚ ਦਾਖ਼ਲ ਕਰਵਾਇਆ ਗਿਆ ਸੀ। ਓਧਰ ਹਸਪਤਾਲ ਦੇ ਇਕ ਡਾਕਟਰ ਨੇ ਕਿਹਾ ਕਿ ਮਨਮੋਹਨ ਸਿੰਘ ਦੀ ਹਾਲਤ ਸਥਿਰ ਹੈ।
ਮਾਂਡਵੀਆ ਨੇ ਟਵੀਟ ਕਰ ਕੇ ਕਿਹਾ ਕਿ ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਏਮਜ਼, ਨਵੀਂ ਦਿੱਲੀ ਵਿਚ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਸਿਹਤ ਦਾ ਹਾਲ ਜਾਣਿਆ। ਸਿਹਤ ਮੰਤਰੀ ਨੇ ਸਿੰਘ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ।
ਡਾਕਟਰ ਨੇ ਦੱਸਿਆ ਕਿ 89 ਸਾਲਾ ਸਾਬਕਾ ਪ੍ਰਧਾਨ ਮੰਤਰੀ ਨੂੰ ਏਮਜ਼ ਦੇ ਕਾਰਡੀਓ-ਨਿਊਰੋ ਕੇਂਦਰ ਦੇ ਨਿੱਜੀ ਵਾਰਡ ਵਿਚ ਬੁੱਧਵਾਰ ਨੂੰ ਦਾਖ਼ਲ ਕਰਵਾਇਆ ਗਿਆ ਸੀ ਅਤੇ ਉਹ ਡਾਕਟਰ ਨਿਤੀਸ਼ ਨਾਇਕ ਦੀ ਅਗਵਾਈ ਵਿਚ ਦਿਲ ਰੋਗ ਮਾਹਰਾਂ ਦੀ ਟੀਮ ਦੇ ਦੇਖ-ਰੇਖ ਵਿਚ ਹਨ। ਸਿੰਘ ਨੂੰ ਸੋਮਵਾਰ ਨੂੰ ਬੁਖ਼ਾਰ ਹੋ ਗਿਆ ਸੀ ਅਤੇ ਉਹ ਉਸ ਤੋਂ ਉੱਭਰ ਵੀ ਗਏ ਸਨ ਪਰ ਉਨ੍ਹਾਂ ਨੂੰ ਕਮਜ਼ੋਰੀ ਹੋਣ ਲੱਗੀ ਸੀ ਅਤੇ ਸਿਰਫ਼ ਤਰਲ ਚੀਜ਼ਾਂ ਦਾ ਸੇਵਨ ਕਰ ਰਹੇ ਸਨ।