ਦਿੱਲੀ ਪੇਸ਼ੀ ਤੋਂ ਪਹਿਲਾਂ ਸਿੱਧੂ ਦੀ ਖੁੱਲ੍ਹੀ ਬਗਾਵਤ, ਬੋਲੇ-ਸਮਝੌਤਾ ਨਹੀਂ ਹੋਵੇਗਾ, ਲੜਾਂਗੇ

ਚੰਡੀਗੜ੍ਹ : ਦਿੱਲੀ ਦਰਬਾਰ ’ਚ ਪੇਸ਼ੀ ਵਲੋਂ ਪਹਿਲਾਂ ਨਵਜੋਤ ਸਿੱਧੂ ਨੇ ਖੁੱਲ੍ਹੀ ਬਗਾਵਤ ਦਾ ਐਲਾਨ ਕਰ ਦਿੱਤਾ ਹੈ। ਸਿੱਧੂ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਸੂਰਤ ’ਚ ਸਮਝੌਤਾ ਨਹੀਂ ਕਰਨਗੇ। ਇੱਕ ਗੱਲਬਾਤ ਦੌਰਾਨ ਸਿੱਧੂ ਨੇ ਕਿਹਾ ਕਿ ਹਾਈਕਮਾਨ ਦਾ ਸ਼ੁਕਰਗੁਜ਼ਾਰ ਹਾਂ ਪਰ ਸਮਝੌਤੇ ਕਰ ਕੇ ਅੱਗੇ ਨਹੀਂ ਵਧਿਆ ਜਾ ਸਕਦਾ ਕਿਉਂਕਿ ਅਜਿਹਾ ਕਰਨ ਨਾਲ ਤੁਹਾਨੂੰ ਕੱਟਣ ਲਈ ਰਾਖਸ਼ਸ਼ ਰੂਪੀ ਸਿਸਟਮ ਖੜ੍ਹਾ ਹੋ ਜਾਵੇਗਾ, ਇਸ ਲਈ ਲੜਾਂਗੇ। ਸਿੱਧੂ ਨੇ ਇਕ ਸ਼ੇਅਰ ਵੀ ਸੁਣਾਇਆ ਕਿ ‘ਇਸ਼ਕ ਜਿਨਕੋ ਹੈ ਵਤਨ ਸੇ ਖੁਦੀ ਕੋ ਮਿਟਾਤੇ ਰਹੇਂਗੇ, ਸ਼ਮਾ ਮਹਿਫਲ ਮੇਂ ਬਲਤੀ ਰਹੇਗੀ, ਸਿੱਧੂ ਜੈਸੇ ਪਰਵਾਨੇ ਔਰ ਭੀ ਆਤੇ ਰਹੇਂਗੇ’। ਸਾਫ਼ ਹੈ ਕਿ ਸਿੱਧੂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਹੁਦੇ ਤੋਂ ਅਸਤੀਫੇ ’ਤੇ ਕਾਇਮ ਹਨ। ਬੇਸ਼ੱਕ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਬੀਤੇ ਦਿਨੀਂ ਨਵਜੋਤ ਸਿੱਧੂ ਦੇ ਪ੍ਰਧਾਨ ਬਣੇ ਰਹਿਣ ਦੀ ਗੱਲ ਕਹੀ ਸੀ ਪਰ ਸਿੱਧੂ ਦੇ ਬਾਗੀ ਤੇਵਰਾਂ ਨੇ ਅਸਤੀਫੇ ’ਤੇ ਛਾਏ ਸਸਪੈਂਸ ਨੂੰ ਸਾਫ਼ ਕਰ ਦਿੱਤਾ ਹੈ।
ਕੇਜਰੀਵਾਲ ਹੋਏ ਸਾਹਿਬ
ਬਾਗੀ ਤੇਵਰ ਦਿਖਾਉਂਦੇ ਹੋਏ ਸਿੱਧੂ ਨੇ ਕੇਜਰੀਵਾਲ ਦੀ ਵੀ ਸ਼ਲਾਘਾ ਕੀਤੀ। ਇਸ ਨੂੰ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਦਬਾਅ ਦੀ ਰਾਜਨੀਤੀ ਕਹੋ ਜਾਂ ਕੁਝ ਹੋਰ ਪਰ ਸਿੱਧੂ ਨੇ ਸਾਫ਼ ਕਰ ਦਿੱਤਾ ਹੈ ਕਿ ਐਲਾਨਾਂ ਲਈ ਨੀਅਤ ਅਤੇ ਨੀਤੀ ਦੀ ਜ਼ਰੂਰਤ ਹੈ। ਸਿੱਧੂ ਨੇ ਕਿਹਾ ਕਿ ਕੇਜਰੀਵਾਲ ਸਾਹਿਬ ਪੰਜਾਬ ਆਉਂਦੇ ਹਨ ਅਤੇ ਕਹਿੰਦੇ ਹਨ ਕਿ 25-26 ਲੱਖ ਨੌਕਰੀਆਂ ਦੇਵਾਂਗਾ। ਹਾਲ ਹੀ ਵਿਚ ਉਨ੍ਹਾਂ ਨੇ 16 ਹਜ਼ਾਰ ਮੁਹੱਲਾ ਕਲੀਨਿਕ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਇਸ ਸਭ ਲਈ ਇਨਕਮ ਦੀ ਜ਼ਰੂਰਤ ਹੋਵੇਗੀ ਜੋ ਨੀਅਤ ਅਤੇ ਨੀਤੀ ਨਾਲ ਹੀ ਸੰਭਵ ਹੈ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰੇਤ ਮੁਫ਼ਤ ਕਰਨ ਦੇ ਫੈਸਲੇ ’ਤੇ ਉਠਾਇਆ ਸਵਾਲ
ਸਿੱਧੂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕਾਰਜਪ੍ਰਣਾਲੀ ’ਤੇ ਵੀ ਵੱਡੇ ਸਵਾਲ ਚੁੱਕੇ। ਖਾਸ ਤੌਰ ’ਤੇ ਬੀਤੇ ਦਿਨੀਂ ਰੇਤਾ ਮੁਫਤ ਕੀਤੇ ਜਾਣ ਦੇ ਫੈਸਲੇ ’ਤੇ ਸਿੱਧੂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ। ਸਿੱਧੂ ਨੇ ਕਿਹਾ ਕਿ ਰੇਤਾ ਮੁਫ਼ਤ, ਕਿਸ ਲਈ ਮੁਫ਼ਤ। ਜ਼ਮੀਨ ’ਚੋਂ ਰੇਤਾ ਚੁੱਕਣ ਵਾਲਿਆਂ ਲਈ ਰੇਤਾ ਮੁਫ਼ਤ ਕੀਤਾ ਹੈ ਪਰ ਆਮ ਆਦਮੀ ਕੋਲ ਟਰਾਲੀ-ਟਿੱਪਰ ਨਹੀਂ ਹਨ, ਇਸ ਲਈ ਇਸਦਾ ਲਾਭ ਤਾਂ ਮਾਫੀਆ ਹੀ ਚੁੱਕੇਗਾ। ਇਸ ਲਈ ਰੇਤੇ ਦਾ ਰੇਟ ਫਿਕਸ ਹੋਣਾ ਚਾਹੀਦਾ ਹੈ, ਜਿਵੇਂ ਸ਼ਰਾਬ ਦਾ ਫਿਕਸ ਹੈ।