ਚੰਡੀਗੜ੍ਹ – ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਕਿਸੇ ਪਛਾਣ ਦਾ ਮੋਹਤਾਜ ਨਹੀਂ। ਉਸ ਦਾ ਕਰੀਅਰ ਬੇਹੱਦ ਸ਼ਾਨਦਾਰ ਰਿਹਾ। ਇਸ ਹਫ਼ਤੇ ਅਸੀਂ ਯੁਵਰਾਜ ਸਿੰਘ ਅਤੇ ਉਸ ਦੀ ਪਤਨੀ ਹੇਜ਼ਲ ਕੀਚ ਦੀ ਲਵ ਸਟੋਰੀ ਬਾਰੇ ਦੱਸਣ ਜਾ ਰਹੇ ਹਾਂ। ਯੁਵਰਾਜ ਅਤੇ ਹੇਜ਼ਲ ਕੀਚ 30 ਨਵੰਬਰ 2016 ‘ਚ ਵਿਆਹ ਦੇ ਪਵਿੱਤਰ ਬੰਧਨ ‘ਚ ਬੱਝੇ ਸਨ ਅਤੇ ਅੱਜ ਉਹ ਦੋਹੇਂ ਇਕੱਠੇ ਖ਼ੁਸ਼ਹਾਲ ਜ਼ਿੰਦਗੀ ਜੀ ਰਹੇ ਹਨ। ਇਨ੍ਹਾਂ ਦੋਵਾਂ ਦੀ ਲਵ ਸਟੋਰੀ ਬਾਰੇ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੈ। ਇੱਕ TV ਸ਼ੋਅ ‘ਚ ਯੁਵਰਾਜ ਸਿੰਘ ਹੇਜ਼ਲ ਨਾਲ ਪਹੁੰਚਿਆ ਸੀ, ਅਤੇ ਉੱਥੇ ਉਸ ਨੇ ਹੇਜ਼ਲ ਨਾਲ ਆਪਣੇ ਪਿਆਰ ਦੇ ਪਰਵਾਨ ਚੜ੍ਹਨ ਬਾਰੇ ਦੱਸਿਆ।
ਸ਼ੋਅ ‘ਚ ਯੁਵਰਾਜ ਨੇ ਦੱਸਿਆ ਸੀ ਕਿ ਹੇਜ਼ਲ ਨੂੰ ਡੇਟ ਲਈ ਮਨਾਉਣ ਲਈ ਉਸ ਨੂੰ ਤਿੰਨ ਸਾਲ ਲਗ ਗਏ ਸਨ। ਯੁਵਰਾਜ ਨੇ ਦੱਸਿਆ ਕਿ ਜਦੋਂ ਵੀ ਉਹ ਹੇਜ਼ਲ ਨੂੰ ਕੌਫ਼ੀ ਡੇਟ ਬਾਰੇ ਪੁੱਛਦਾ ਤਾਂ ਉਹ ਰਾਜ਼ੀ ਹੋ ਜਾਂਦੀ, ਪਰ ਡੇਟ ਵਾਲੇ ਦਿਨ ਪੂਰਾ ਸਮਾਂ ਆਪਣਾ ਫ਼ੋਨ ਔਫ਼ ਕਰ ਕੇ ਰਖਦੀ ਅਤੇ ਮਿਲਣ ਲਈ ਵੀ ਨਾ ਆਉਂਦੀ। ਇਸ ਤੋਂ ਤਕਰੀਬਨ ਇੱਕ ਸਾਲ ਬਾਅਦ ਯੁਵਰਾਜ ਨੇ ਆਪਣੇ ਇੱਕ ਦੋਸਤ ਦੇ ਜ਼ਰੀਏ ਹੇਜ਼ਲ ਨੂੰ ਇੱਕ ਵਾਰ ਫ਼ਿਰ ਮਿਲਣ ਦੀ ਕੋਸ਼ਿਸ਼ ਕੀਤੀ। ਦੋਸਤ ਦੀ ਮਦਦ ਨਾਲ ਹੇਜ਼ਲ-ਯੁਵਰਾਜ ਦੀ ਆਖ਼ਿਰਕਾਰ ਮੁਲਾਕਾਤ ਹੋ ਗਈ ਅਤੇ ਕੁੱਝ ਸਮਾਂ ਇਕੱਠਿਆਂ ਬਿਤਾਉਣ ਦੇ ਬਾਅਦ ਯੁਵਰਾਜ ਨੇ ਹੇਜ਼ਲ ਨੂੰ ਪ੍ਰਪੋਜ਼ ਕੀਤਾ ਅਤੇ ਹੇਜ਼ਲ ਨੇ ਵੀ ਹਾਂ ਕਰ ਦਿੱਤੀ। ਹੇਜ਼ਲ ਨੇ ਸ਼ੋਅ ‘ਚ ਦਰਸ਼ਕਾਂ ਨੂੰ ਦੱਸਿਆ ਕਿ ਜਦੋਂ ਤਕ ਯੁਵਰਾਜ ਨੇ ਉਸ ਨੂੰ ਵਿਆਹ ਲਈ ਪ੍ਰਪੋਜ਼ ਨਹੀਂ ਕੀਤਾ ਸੀ ਤਾਂ ਓਦੋਂ ਤਕ ਉਹ ਉਸ ਲਈ ਸੀਰੀਅਸ ਨਹੀਂ ਸੀ ਹੋਈ। ਹੇਜ਼ਲ ਨੇ ਇਹ ਵੀ ਕਿਹਾ, ”ਜਦੋਂ ਕੋਈ ਕੁੜੀ ਯੁਵੀ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਮੈਂ ਕੁੱਝ ਨਹੀਂ ਕਰਦੀ, ਬਸ ਦੇਖਦੀ ਰਹਿੰਦੀ ਹਾਂ ਕਿ ਯੁਵੀ ਕੀ ਕਰਦੇ ਹਨ।”