ਲੁਧਿਆਣਾ : ਸਥਾਨਕ ਹਸਪਤਾਲਾਂ ’ਚ ਡੇਂਗੂ ਦੇ 45 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਸਿਹਤ ਵਿਭਾਗ ਵਿਚ ਇਨ੍ਹਾਂ ’ਚੋਂ 19 ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ। ਇਹ ਰਿਪੋਰਟ ਪ੍ਰਮੁੱਖ ਹਸਪਤਾਲਾਂ ’ਤੇ ਆਧਾਰਿਤ ਹੈ। ਹੁਣ ਤੱਕ ਜ਼ਿਲ੍ਹੇ ’ਚ 1966 ਮਰੀਜ਼ ਸਾਹਮਣੇ ਚੁੱਕੇ ਹਨ। ਇਨ੍ਹਾਂ ’ਚੋਂ ਸਿਹਤ ਵਿਭਾਗ ਵੱਲੋਂ 569 ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ ਜ਼ਿਲ੍ਹਾ ਐਪੀਡੇਮਿਓਲਾਜਿਸਟ ਡਾ. ਰਮੇਸ਼ ਭਗਤ ਅਨੁਸਾਰ 569 ਪਾਜ਼ੇਟਿਵ ਮਰੀਜ਼ਾਂ ’ਚੋਂ 345 ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਦੋਂ ਕਿ 171 ਮਰੀਜ਼ ਦੂਜੇ ਜ਼ਿਲ੍ਹਿਆਂ ਨਾਲ ਸਬੰਧਿਤ ਹਨ।
ਇਸ ਤੋਂ ਇਲਾਵਾ 53 ਮਰੀਜ਼ ਹੋਰ ਸੂਬਿਆਂ ਦੇ ਰਹਿਣ ਵਾਲੇ ਹਨ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿਚ ਜਿਨ੍ਹਾਂ 345 ਮਰੀਜ਼ਾਂ ਦੀ ਹੁਣ ਤੱਕ ਪੁਸ਼ਟੀ ਕੀਤੀ ਗਈ ਹੈ, ਉਨ੍ਹਾਂ ’ਚੋਂ 269 ਮਰੀਜ਼ ਸ਼ਹਿਰੀ ਖੇਤਰ ਦੇ ਰਹਿਣ ਵਾਲੇ ਹਨ। ਦੂਜੇ ਪਾਸੇ ਮਾਹਿਰਾਂ ਦੀ ਮੰਨੀਏ ਤਾਂ ਸ਼ਹਿਰ ’ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ’ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ, ਨਿੱਜੀ ਹਸਪਤਾਲਾਂ ਅਤੇ ਕਲੀਨਿਕਾਂ ’ਤੇ ਮਰੀਜ਼ਾਂ ਦੀ ਕਾਫੀ ਭੀੜ ਦੇਖੀ ਜਾ ਰਹੀ ਹੈ। ਡੇਂਗੂ ਤੋਂ ਇਲਾਵਾ ਵਾਇਰਲ ਦਾ ਪ੍ਰਭਾਵ ਵੀ ਪਹਿਲਾਂ ਤੋਂ ਕਾਫੀ ਵਧ ਚੁੱਕਾ ਹੈ।
ਕੋਰੋਨਾ ਦੇ 2 ਪਾਜ਼ੇਟਿਵ ਮਰੀਜ਼ ਆਏ ਸਾਹਮਣੇ
ਪਿਛਲੇ 24 ਘੰਟਿਆਂ ’ਚ ਮਹਾਨਗਰ ਵਿਚ ਕੋਰੋਨਾ ਦੇ 2 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ’ਚੋਂ ਇਕ ਮਰੀਜ਼ ਜ਼ਿਲ੍ਹੇ ਦਾ ਰਹਿਣ ਵਾਲਾ ਹੈ, ਜਦੋਂ ਕਿ ਦੂਜਾ ਬਾਹਰੀ ਜ਼ਿਲ੍ਹਿਆਂ ਆਦਿ ਨਾਲ ਸਬੰਧਿਤ ਹੈ। ਸਿਹਤ ਅਧਿਕਾਰੀਆਂ ਅਨੁਸਾਰ ਹੁਣ ਤੱਕ ਜ਼ਿਲ੍ਹੇ ’ਚ 87,561 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ।
ਇਨ੍ਹਾਂ ’ਚੋਂ 2103 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹੇ ਤੋਂ ਇਲਾਵਾ ਬਾਹਰੀ ਜ਼ਿਲ੍ਹਿਆਂ ਅਤੇ ਸੂਬਿਆਂ ਤੋਂ ਇਲਾਜ ਲਈ ਸਥਾਨਕ ਹਸਪਤਾਲਾਂ ਵਿਚ ਦਾਖ਼ਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 11,686 ਹੋ ਗਈ ਹੈ। ਇਨ੍ਹਾਂ ’ਚੋਂ 1052 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਐਕਟਿਵ ਮਰੀਜ਼ਾਂ ਦੀ ਗਿਣਤੀ 18 ਰਹਿ ਗਈ ਹੈ।