ਰੋਪੜ/ਨੂਰਪੁਰਬੇਦੀ — ਜੰਮੂ-ਕਸ਼ਮੀਰ ਦੇ ਪੁੰਛ ’ਚ ਅੱਤਵਾਦੀਆਂ ਨਾਲ ਸੋਮਵਾਰ ਨੂੰ ਮੁਕਾਬਲੇ ਦੌਰਾਨ ਸ਼ਹੀਦ ਹੋਏ ਗੱਜਣ ਸਿੰਘ ਦੀ ਅੱਜ ਮਿ੍ਰਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ ਪਚਰੰਡਾ ਵਿਖੇ ਪਹੁੰਚ ਚੁੱਕੀ ਹੈ। ਸ਼ਹੀਦ ਦੀ ਸ਼ਹਾਦਤ ਬਾਰੇ ਪਤਾ ਲੱਗਣ ’ਤੇ ਜਿੱਥੇ ਪਰਿਵਾਰ ’ਚ ਸੋਗ ਦੀ ਲਹਿਰ ਛਾਈ ਹੋਈ ਹੈ, ਉਥੇ ਹੀ ਪੂਰੇ ਇਲਾਕੇ ’ਚ ਗਮਗੀਨ ਮਾਹੌਲ ਬਣਿਆ ਹੋਇਆ ਹੈ। ਦੇਸ਼ ਦੇ ਲਈ ਆਪਣੀ ਕੁਰਬਾਨੀ ਦੇਣ ਵਾਲੇ ਗੱਜਣ ਸਿੰਘ ਨੂੰ ਉਨ੍ਹਾਂ ਦੀ ਸ਼ਹਾਦਤ ’ਤੇ ਉਨ੍ਹਾਂ ਦੇ ਪਰਿਵਾਰ ਨੂੰ ਕਾਫ਼ੀ ਮਾਣ ਵੀ ਹੈ। ਗੱਜਣ ਸਿੰਘ ਦੇ ਅੰਤਿਮ ਦਰਸ਼ਨਾਂ ਲਈ ਸੈਲਾਬ ਉਮੜਿਆ ਪਿਆ ਹੈ। ਗੱਜਣ ਸਿੰਘ ਦਾ ਥੋੜ੍ਹੀ ਦੇਰ ਤੱਕ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ।
ਇਸੇ ਸਾਲ ਫਰਵਰੀ ’ਚ ਹੋਇਆ ਸੀ ਗੱਜਣ ਸਿੰਘ ਦਾ ਵਿਆਹ
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ’ਚ ਸਹਾਦਤ ਦਾ ਜਾਮ ਪੀਣ ਵਾਲੇ ਗੱਜਣ ਸਿੰਘ ਦਾ ਇਸੇ ਸਾਲ ਫਰਵਰੀ ’ਚ ਹੀ ਵਿਆਹ ਹੋਇਆ ਸੀ। ਗੱਜਣ ਸਿੰਘ ਵਿਆਹ ਮੌਕੇ ਆਪਣੀ ਬਰਾਤ ਟਰੈਕਟਰ ’ਤੇ ਲੈ ਕੇ ਗਏ ਸਨ। ਗੱਜਣ ਸਿੰਘ ਦੀ ਹਮਸਫ਼ਰ ਦੀ ਅਜੇ ਸ਼ਗਨਾ ਦੀ ਮਹਿੰਦੀ ਵੀ ਨਹੀਂ ਸੁੱਕੀ ਸੀ ਕਿ ਪਰਿਵਾਰ ਨੂੰ ਗੱਜਣ ਸਿੰਘ ਦੀ ਸ਼ਹਾਦਤ ਦੀ ਖ਼ਬਰ ਮਿਲ ਗਈ।
ਸੈਨਿਕ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਜ ਤੋਂ 12ਵੀਂ ਤੱਕ ਸਿੱਖਿਆ ਹਾਸਲ ਕੀਤੀ ਸੀ ਅਤੇ ਸ਼ਿਵਾਲਿਕ ਕਾਲਜ ਨੰਗਲ ਵਿਖੇ ਬੀ. ਏ. ’ਚ ਦਾਖ਼ਲਾ ਲੈਣ ਤੋਂ ਕੁਝ ਸਮੇਂ ਬਾਅਦ ਹੀ ਭਰਤੀ ਹੋਣ ਕਾਰਣ ਪੜ੍ਹਾਈ ਵਿੱਚਕਾਰ ਹੀ ਛੱਡ ਗਿਆ। ਪਿੰਡ ਦੇ ਇਕ ਹੋਰ ਅਧਿਆਪਕ ਰਜਿੰਦਰ ਕੁਮਾਰ ਵਿਸ਼ਨੂੰ ਨੇ ਗੱਲ ਕਰਦਿਆਂ ਦੱਸਿਆ ਕਿ ਸੈਨਿਕ ਗੱਜਣ ਸਿੰਘ ਕਬੱਡੀ ਦੇ ਹੋਣਹਾਰ ਖਿਡਾਰੀ ਸਨ ਅਤੇ ਬਹੁਤ ਹੀ ਸ਼ਾਂਤ ਤੇ ਮਿਲਾਪੜੇ ਸੁਭਾਅ ਦੇ ਮਾਲਕ ਸਨ। ਚਾਰ ਭਰਾਵਾਂ ’ਚੋਂ ਸਭ ਤੋਂ ਛੋਟਾ ਸੀ ਸੈਨਿਕ ਗੱਜਣ ਸਿੰਘ। ਪਿੰਡ ਵਾਸੀਆਂ ਨੂੰ ਉਸ ਦੀ ਸ਼ਹਾਦਤ ’ਤੇ ਮਾਣ ਹੈ।