ਲਖੀਮਪੁਰ ਖੀਰੀ— ਲਖੀਮਪੁਰ ਖੀਰੀ ਵਿਚ 3 ਅਕਤੂਬਰ ਨੂੰ ਹੋਈ ਹਿੰਸਾ ਦੇ ਸ਼ਿਕਾਰ ਕਿਸਾਨਾਂ ਦੀ ਅੰਤਿਮ ਅਰਦਾਸ ’ਚ ਹਿੱਸਾ ਲੈਣ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਰਡਾ ਮੰਗਲਵਾਰ ਨੂੰ ਇੱਥੇ ਪੁੱਜੀ। ਪ੍ਰਿਯੰਕਾ ਗਾਂਧੀ ਲਖੀਮਪੁਰ ’ਚ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਹਿੰਸਾ ’ਚ ਮਾਰੇ ਗਏ ਪੱਤਰਕਾਰ ਰਮਨ ਕਸ਼ਯਪ ਨੂੰ ਵੀ ਸ਼ਰਧਾਂਜਲੀ ਦਿੱਤੀ। ਪ੍ਰਿਯੰਕਾ ਗਾਂਧੀ ਇਸ ਦੌਰਾਨ ਨਿਆਂ ਲਈ ਸਮਝੌਤਾਹੀਨ ਸੰਘਰਸ਼ ਦਾ ਐਲਾਨ ਕੀਤਾ।
ਪ੍ਰਿਯੰਕਾ ਨਾਲ ਕਾਂਗਰਸ ਪ੍ਰਦੇਸ਼ ਪ੍ਰਧਾਨ ਅਜੇ ਕੁਮਾਰ ਲੱਲੂ, ਸੰਸਦ ਮੈਂਬਰ ਦੀਪੇਂਦਰ ਹੁੱਡਾ, ਰਾਸ਼ਟਰੀ ਸਕੱਤਰ ਧੀਰਜ ਗੁੱਜਰ ਵੀ ਲਖੀਮਪੁਰ ਪੁੱਜੇ। ਦੱਸ ਦੇਈਏ ਕਿ ਲਖੀਮਪੁਰ ਖੀਰੀ ਦੇ ਤਿਕੁਨੀਆ ਪਿੰਡ ਵਿਚ ਇਕ ਮੈਦਾਨ ’ਚ ਅੰਤਿਮ ਅਰਦਾਸ ਕੀਤੀ ਗਈ, ਜਿਸ ਦੀ ਵਾਂਗਡੋਰ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸੰਭਾਲੀ ਹੋਈ ਹੈ।
ਦੱਸਣਯੋਗ ਹੈ ਕਿ 3 ਅਕਤੂਬਰ ਦੀ ਘਟਨਾ ਲਖੀਮਪੁਰ ਸ਼ਹਿਰ ਤੋਂ ਲੱਗਭਗ 60 ਕਿਲੋਮੀਟਰ ਦੂਰ ਤਿਕੁਨੀਆ-ਬਨਬੀਰਪੁਰ ਰੋਡ ’ਤੇ ਹੋਈ, ਜਦੋਂ ਕਿਸਾਨ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਈਆ, ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਜੱਦੀ ਪਿੰਡ ਬਨਬੀਰਪੁਰ ਜਾਣ ਦਾ ਵਿਰੋਧ ਕਰ ਰਹੇ ਸਨ। ਇਸ ਘਟਨਾ ’ਚ 4 ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਸੀ।
ਇਸ ਘਟਨਾ ਦੇ ਦੋਸ਼ੀ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੀ ਗਿ੍ਰਫ਼ਤਾਰੀ ਅਤੇ ਕੇਂਦਰੀ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ ਸੀ। ਇਸ ਮਾਮਲੇ ’ਚ ਆਸ਼ੀਸ਼ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ, ਜਦਕਿ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ।