ਚੰਡੀਗੜ੍ਹ : ਪੰਜਾਬ ਵਿਚ ਪੈਦਾ ਹੋਏ ਗੰਭੀਰ ਬਿਜਲੀ ਸੰਕਟ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ਦੀ ਨਾਲਾਇਕੀ ਦਾ ਨਤੀਜਾ ਕਰਾਰ ਦਿੱਤਾ ਹੈ। ਅਕਾਲੀ ਦਲ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੀ ਨਾਲਾਇਕੀ ਅਤੇ ਲਾਪਰਵਾਹੀ ਦਾ ਖਮਿਆਜ਼ਾ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਇਸ ਨਾਲ ਪੰਜਾਬ ਦਾ ਹਰ ਵਰਗ ਪ੍ਰਭਾਵਤ ਹੋ ਰਿਹਾ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਐਮ. ਪੀ. ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਪਹਿਲਾਂ ਹੀ ਆਖ ਚੁੱਕੇ ਹਨ ਕਿ ਸਰਕਾਰ ਕੋਲ ਕੋਲੇ ਦਾ ਭੰਡਾਰ ਹੈ ਪਰ ਕੋਲਾ ਲੈ ਕੇ ਜਾਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਕੋਲਾ ਲੈ ਕੇ ਜਾਣ ਲਈ ਜਿਹੜੇ ਮਾਪਦੰਡ ਕੋਲਾ ਅਥਾਰਿਟੀ ਆਫ ਇੰਡੀਆ ਦੇ ਹਨ, ਉਨ੍ਹਾਂ ’ਤੇ ਪੰਜਾਬ ਸਰਕਾਰ ਖਰਾ ਨਹੀਂ ਉਤਰ ਰਹੀ ਹੈ। ਜਿਸ ਕਾਰਣ ਪੰਜਾਬ ਵਿਚ ਕੋਲੋ ਦੀ ਸਪਲਾਈ ਪ੍ਰਭਾਵਤ ਹੋ ਰਹੇ ਹਨ।
ਅਕਾਲੀ ਆਗੂ ਨੇ ਕਿਹਾ ਕਿ ਕੋਲਾ ਅਥਾਰਿਟੀ ਆਫ ਇੰਡੀਆ ਦੀ ਸੂਚੀ ਵਿਚ ਪੰਜਾਬ ਡਿਫਾਲਟਰ ਹੈ। ਕੋਲਾ ਅਥਾਰਿਟੀ ਆਫ ਇੰਡੀਆ ਉਸ ਨੂੰ ਹੀ ਪਹਿਲ ਦਿੰਦਾ ਹੈ, ਜਿਹੜਾ ਸੂਬਾ ਪਹਿਲਾਂ ਭੁਗਤਾਨ ਕਰਦਾ ਹੈ ਜਾਂ ਐਡਵਾਂਸ ਦਿੰਦਾ ਹੈ ਪਰ ਪੰਜਾਬ ਸਰਕਾਰ ਪਹਿਲਾਂ ਹੀ ਕਰੋੜਾਂ ਰੁਪਏ ਦੀ ਡਿਫਾਲਟਰ ਹੈ, ਜਿਸ ਕਾਰਣ ਪੰਜਾਬ ਕੋਲਾ ਚੁੱਕਣ ਵਿਚ ਫਾਡੀ ਰਹਿ ਜਾਂਦਾ ਹੈ। ਇਸੇ ਦਾ ਨਤੀਜਾ ਹੈ ਕਿ ਅੱਜ ਪੰਜਾਬ ਗੰਭੀਰ ਬਿਜਲੀ ਸੰਕਟ ਨਾਲ ਜੂਝ ਰਿਹਾ ਹੈ। ਚੰਦੂਮਾਜਰਾ ਨੇ ਕਿਹਾ ਕਿ ਬਿਜਲੀ ਨਿਗਮ ਬੋਰਡ ਨੂੰ ਪੰਜਾਬ ਸਰਕਾਰ 3100 ਕਰੋੜ ਰੁਪਏ ਦਾ ਦੇਣਦਾਰ ਹੈ। ਬਿਜਲੀ ਨਿਗਮ ਨੂੰ ਪੰਜਾਬ ਸਰਕਾਰ ਨੇ ਡਿਫਾਲਟਰ ਕੀਤਾ ਹੋਇਆ ਹੈ। ਸਭ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਕੋਲਾ ਅਥਾਰਿਟੀ ਆਫ ਇੰਡੀਆ ਦੀ ਡਿਫਾਲਟਰ ਸੂਚੀ ਵਿਚੋਂ ਬਾਹਰ ਆਉਣਾ ਚਾਹੀਦਾ ਹੈ ਤਾਂ ਜੋ ਕੋਲਾ ਲਿਆਉਣ ਵਿਚ ਕੋਈ ਮੁਸ਼ਕਲ ਪੇਸ਼ ਨਾ ਆਵੇ।
ਅਕਾਲੀ ਦਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਸਰਕਾਰ ਦੀ ਨਾਲਾਇਕੀ ਅਤੇ ਲਾਪਰਵਾਹੀ ਦਾ ਖਮਿਆਜ਼ਾ ਪੰਜਾਬ ਦੇ ਲੋਕਾਂ ਨੂੰ ਨਾ ਭੁਗਤਣ ਦਿੱਤਾ ਜਾਵੇ, ਲਿਹਾਜ਼ਾ ਕੇਂਦਰ ਸਰਕਾਰ ਅੱਗੇ ਆ ਕੇ ਪੰਜਾਬ ਸਰਕਾਰ ਦੀ ਮਦਦ ਕਰੇ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਆਰਥਿਕ ਨੁਕਸਾਨ ਤੋਂ ਬਚਾਇਆ ਜਾ ਸਕੇ। ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਫਾਲਤੂ ਖਰਚਿਆਂ ’ਤੇ ਕੰਟਰੋਲ ਕਰਨਾ ਚਾਹੀਦਾ ਹੈ, ਉਨ੍ਹਾਂ ਕਿਹਾ ਕਿ ਸਰਕਾਰ ਚਾਰਟਿਡ ਪਲੇਨਾਂ ਨੂੰ ਨਿੱਜੀ ਦੌਰਿਆਂ ਲਈ ਵਰਤ ਕੇ ਪੰਜਾਬ ਦੇ ਖਜ਼ਾਨੇ ’ਤੇ ਵਾਧੂ ਬੋਝ ਪਾ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਇਸ ਹਫਤੇ ਦੇ ਅੰਦਰ-ਅੰਦਰ ਬਿਜਲੀ ਸੰਕਟ ਨੂੰ ਹੱਲ ਨਾ ਕੀਤਾ ਅਤੇ ਕੋਲੇ ਦਾ ਪ੍ਰਬੰਧ ਨਾ ਕੀਤਾ ਤਾਂ ਅਕਾਲੀ ਦਲ ਸੜਕਾਂ ’ਤੇ ਉਤਰ ਕੇ ਪ੍ਰਦਰਸ਼ਨ ਕਰੇਗਾ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਭਲ ਕੇ ਕੋਰ ਕਮੇਟੀ ਦੀ ਐਮਰਜੈਂਸੀ ਬੈਠਕ ਬੁਲਾ ਰਿਹਾ ਹੈ, ਜਿਸ ਵਿਚ ਅਗਲੀ ਰਣਨੀਤੀ ਉਲੀਕੀ ਜਾਵੇਗੀ। ਚੰਦੂਮਾਜਰਾ ਨੇ ਕਿਹਾ ਕਿ ਜੇਕਰ ਥਰਮਲ ਪਲਾਂਟ ਬੰਦ ਹੋ ਗਏ ਤਾਂ ਇਸ ਨਾਲ ਭਾਰੀ ਨੁਕਸਾਨ ਹੋਵੇਗਾ, ਕਿਉਂਕਿ ਕਈ-ਕਈ ਦਿਨ ਪਲਾਂਟਾਂ ਦੀਆਂ ਚਿਮਨੀਆਂ ਨੂੰ ਗਰਮ ਹੋਣ ’ਚ ਲੱਗ ਜਾਂਦੇ ਹਨ, ਇਹ ਇਕ ਗੰਭੀਰ ਸੰਕਟ ਹੈ, ਜਿਸ ਦਾ ਹੱਲ ਜਲਦੀ ਤੋਂ ਜਲਦੀ ਹੋਣਾ ਚਾਹੀਦਾ ਹੈ।