ਨੈਸ਼ਨਲ ਡੈਸਕ : ਡੇਰਾ ਪ੍ਰੇਮੀ ਰਣਜੀਤ ਸਿੰਘ ਦੇ ਕਤਲ ਮਾਮਲੇ ’ਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਸਜ਼ਾ ਨੂੰ ਲੈ ਕੇ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਵੱਲੋਂ ਅੱਜ ਫ਼ੈਸਲਾ ਸੁਣਾਇਆ ਜਾਣਾ ਸੀ, ਜਿਸ ਨੂੰ ਸੁਰੱਖਿਅਤ ਰੱਖ ਲਿਆ ਗਿਆ ਹੈ। ਹੁਣ ਇਸ ਮਾਮਲੇ ’ਚ ਸਜ਼ਾ ਨੂੰ ਲੈ ਕੇ 18 ਅਕਤੂਬਰ ਨੂੰ ਮੁੜ ਸੁਣਵਾਈ ਹੋਵੇਗੀ। ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਣੇ ਪੰਜ ਲੋਕਾਂ ਨੂੰ ਇਸ ਮਾਮਲੇ ’ਚ 8 ਅਕਤੂਬਰ ਨੂੰ ਦੋਸ਼ੀ ਕਰਾਰ ਦਿੱਤਾ ਸੀ ਤੇ ਫ਼ੈਸਲੇ ਨੂੰ ਦੋ ਦਿਨ ਲਈ ਸੁਰੱਖਿਅਤ ਰੱਖਿਆ ਗਿਆ ਸੀ।
ਜ਼ਿਕਰਯੋਗ ਹੈ ਕਿ ਰਾਮ ਰਹੀਮ ਜਬਰ-ਜ਼ਿਨਾਹ ਤੇ ਪੱਤਰਕਾਰ ਦੇ ਕਤਲ ਮਾਮਲੇ ’ਚ ਪਹਿਲਾਂ ਤੋਂ ਹੀ ਸਜ਼ਾ ਭੁਗਤ ਰਿਹਾ ਹੈ। ਰਣਜੀਤ ਸਿੰਘ ਡੇਰੇ ਦੀ ਪ੍ਰਬੰਧਕ ਕਮੇਟੀ ਦਾ ਮੈਂਬਰ ਸੀ। ਸਾਲ 2002 ’ਚ ਉਸ ਦਾ ਕਤਲ ਹੋ ਗਿਆ ਸੀ, ਜਿਸ ਦਾ ਇਲਜ਼ਾਮ ਡੇਰਾ ਮੁਖੀ ’ਤੇ ਲੱਗਾ ਸੀ।