ਲਖੀਮਪੁਰ ਹਿੰਸਾ ਮਾਮਲਾ: ਕੇਂਦਰੀ ਮੰਤਰੀ ਦੀ ਬਰਖ਼ਾਸਤਗੀ ਨੂੰ ਲੈ ਕੇ ‘ਮੌਨ ਧਰਨੇ ’ਤੇ ਬੈਠੀ ਪਿ੍ਰਯੰਕਾ

ਲਖਨਊ — ਲਖੀਮਪੁਰ ਖੀਰੀ ਮਾਮਲੇ ’ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੀ ਬਰਖ਼ਾਸਤਗੀ ਦੀ ਮੰਗ ਨੂੰ ਲੈ ਕੇ ਕਾਂਗਰਸ ਦੀ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਵਾਡਰਾ ਸੋਮਵਾਰ ਨੂੰ ਇੱਥੇ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਮੌਨ ਧਰਨਾ ਦਿੱਤਾ। ਲਖੀਮਪੁਰ ਖੀਰੀ ’ਚ ਕਿਸਾਨਾਂ ਦੀ ਜੀਪ ਨਾਲ ਕੁਚਲ ਕੇ ਮਾਰੇ ਜਾਣ ਦੀ ਘਟਨਾ ਦੇ ਮੁੱਖ ਦੋਸ਼ੀ ਕੇਂਦਰੀ ਮੰਤਰੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੀ ਗਿ੍ਰਫ਼ਤਾਰੀ ਦੇ ਬਾਵਜੂਦ ਕਾਂਗਰਸ ਹਮਲਾਵਰ ਰਵੱਈਆ ਅਪਣਾ ਰਹੀ ਹੈ।
ਪਾਰਟੀ ਨੇ ਪਹਿਲਾਂ ਮੰਤਰੀ ਦੇ ਪੁੱਤਰ ਦੀ ਗਿ੍ਰਫ਼ਤਾਰੀ ਅਤੇ ਹੁਣ ਕੇਂਦਰੀ ਮੰਤਰੀ ਦੀ ਬਰਖ਼ਾਸਤਗੀ ਦੀ ਮੰਗ ਨਾਲ ਅੱਜ ਧਰਨੇ ਦਾ ਐਲਾਨ ਕੀਤਾ ਸੀ। ਆਸ਼ੀਸ਼ ਸੁਰੱਖਿਆ ਏਜੰਸੀਆਂ ਦੀ ਗਿ੍ਰਫ਼ਤ ਵਿਚ ਹੈ ਤਾਂ ਹੁਣ ਕਾਂਗਰਸ ਮੰਤਰੀ ਅਜੇ ਮਿਸ਼ਰਾ ਦੀ ਬਰਖ਼ਾਸਤਗੀ ਦੀ ਮੰਗ ਨੂੰ ਲੈ ਕੇ ਧਰਨਾ ਦੇ ਰਹੀ ਹੈ।
ਇਸ ਸਿਲਸਿਲੇ ਵਿਚ ਲਖਨਊ ਦੇ ਜੀ. ਪੀ. ਓ. ਸਥਿਤ ਗਾਂਧੀ ਦੇ ਬੁੱਤ ਅੱਗੇ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਅਜੇ ਕੁਮਾਰ ਲੱਲੂ, ਕਾਂਗਰਸ ਕਾਰਜ ਕਮੇਟੀ ਮੈਂਬਰ ਪ੍ਰਮੋਦ ਤਿਵਾੜੀ, ਸਾਬਕਾ ਮੰਤਰੀ ਅਤੇ ਮੀਡੀਆ ਵਿਭਾਗ ਦੇ ਚੇਅਰਮੈਨ ਨਸੀਮੁਦੀਨ ਸਿੱਦਕੀ ਸਮੇਤ ਪਾਰਟੀ ਦੇ ਤਮਾਮ ਵੱਡੇ ਨੇਤਾ ਅੱਜ ਮੌਨ ਧਰਨਾ ਦੇਣ ਪਹੁੰਚ ਗਏ, ਜਦਕਿ ਪਿ੍ਰਯੰਕਾ ਸ਼ਾਮ ਕਰੀਬ 3 ਵਜੇ ਧਰਨੇ ਵਾਲੀ ਥਾਂ ’ਤੇ ਪਹੰੁਚੀ। ਪਿ੍ਰਯੰਕਾ ਦੇ ਆਉਂਦੇ ਹੀ ਵੱਡੀ ਗਿਣਤੀ ਵਿਚ ਕਾਂਗਰਸ ਵਰਕਰ ਹਜ਼ਰਤਗੰਜ ਚੌਰਾਹੇ ਅਤੇ ਆਲੇ-ਦੁਆਲੇ ਦੇ ਇਲਾਕੇ ’ਚ ਜੰਮ ਗਏ। ਐਤਵਾਰ ਨੂੰ ਬਨਾਰਸ ਦੀ ਕਿਸਾਨ ਨਿਆਂ ਰੈਲੀ ਵਿਚ ਪਿ੍ਰਯੰਕਾ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੀ ਬਰਖਾਸਤਗੀ ਤੱਕ ਲੜਦੇ ਰਹਿਣ ਦਾ ਐਲਾਨ ਕੀਤਾ ਸੀ।