ਸੰਗਰੂਰ : ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਪਿਛਲੇ ਕੁੱਝ ਸਮੇਂ ਤੋਂ ਸਿਆਸੀ ਸਰਗਰਮੀਆਂ ‘ਚੋਂ ਗਾਇਬ ਨਜ਼ਰ ਆ ਰਹੇ ਹਨ। ਇਸ ਤੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਅਜੇ ਵੀ ਭਗਵੰਤ ਮਾਨ ਦੀ ਪਾਰਟੀ ਹਾਈਕਮਾਨ ਪ੍ਰਤੀ ਨਾਰਾਜ਼ਗੀ ਬਰਕਰਾਰ ਹੈ। ਭਾਵੇਂ ਹੀ ਇਕ ਪ੍ਰੈੱਸ ਕਾਨਫਰੰਸ ਦੌਰਾਨ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਇਹ ਕਿਹਾ ਗਿਆ ਸੀ ਕਿ ਪੰਜਾਬ ‘ਚ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਸਮਾਂ ਆਉਣ ‘ਤੇ ਕਰ ਦਿੱਤਾ ਜਾਵੇਗਾ ਅਤੇ ਇਸ ਤੋਂ ਲੱਗਦਾ ਸੀ ਕਿ ਉਹ ਭਗਵੰਤ ਮਾਨ ਨੂੰ ਵੀ ਕੋਈ ਗਾਰੰਟੀ ਦੇਣਗੇ ਪਰ ਅਜਿਹਾ ਨਹੀਂ ਹੋਇਆ।
ਹੁਣ ਲਖੀਮਪੁਰ ਖੀਰੀ ਵਿਖੇ ਵਾਪਰੀ ਘਟਨਾ ਤੋਂ ਬਾਅਦ ਉੱਥੇ ਗਏ ‘ਆਪ’ ਦੇ ਵਫ਼ਦ ‘ਚ ਵੀ ਭਗਵੰਤ ਮਾਨ ਸ਼ਾਮਲ ਨਹੀਂ ਹੋਏ। ਸਿਰਫ ਇੰਨਾ ਹੀ ਨਹੀਂ ਚੰਡੀਗੜ੍ਹ ‘ਚ ਰਾਜਪਾਲ ਭਵਨ ਵੱਲ ਕੀਤੇ ਪਾਰਟੀ ਦੇ ਪ੍ਰਦਰਸ਼ਨ ‘ਚ ਭਗਵੰਤ ਮਾਨ ਨੇ ਹਿੱਸਾ ਨਹੀਂ ਲਿਆ।
ਇਸ ਤੋਂ ਇਹੀ ਲੱਗਦਾ ਹੈ ਕਿ ਭਗਵੰਤ ਮਾਨ ਅਜੇ ਵੀ ਨਾਰਾਜ਼ ਹਨ। ਜਦੋਂ ਕੇਜਰੀਵਾਲ ਲੁਧਿਆਣਾ ਵਿਖੇ ਪੰਜਾਬੀਆਂ ਨੂੰ ਦੂਜੀ ਗਾਰੰਟੀ ਦੇਣ ਆਏ ਸਨ ਤਾਂ ਉਮੀਦ ਜਤਾਈ ਜਾ ਰਹੀ ਸੀ ਕਿ ਕੇਜਰੀਵਾਲ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰ ਦੇਣਗੇ ਪਰ ਅਰਵਿੰਦ ਕੇਜਰੀਵਾਲ ਨੇ ਸਿਰਫ ਇੰਨਾ ਹੀ ਕਿਹਾ ਸੀ ਕਿ ਭਗਵੰਤ ਮਾਨ ਉਨ੍ਹਾਂ ਦੇ ਛੋਟੇ ਭਰਾ ਹਨ ਅਤੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਸਮਾਂ ਆਉਣ ‘ਤੇ ਕਰ ਦਿੱਤਾ ਜਾਵੇਗਾ।