ਬਰਨਾਲਾ –ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਸਥਾਨਕ ਅਨਾਜ ਮੰਡੀ ’ਚ ਇਕ ਚਿਤਾਵਨੀ ਰੈਲੀ ਕੀਤੀ ਗਈ, ਜਿਸ ’ਚ ਦੇਸ਼ ਦੇ ਵੱਖ-ਵੱਖ ਕੋਨਿਆਂ ’ਚੋਂ ਕਿਸਾਨ ਆਗੂ ਹਾਜ਼ਰ ਹੋਏ ਅਤੇ ਵੱਡੀ ਗਿਣਤੀ ’ਚ ਕਿਸਾਨ ਇਸ ਰੈਲੀ ’ਚ ਜੁਟੇ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸਰਕਾਰ ਵੱਲੋਂ ਜੋ ਚੋਣਾਂ ਤੋਂ ਪਹਿਲਾਂ ਵਾਅਦੇ ਕੀਤੇ ਗਏ ਸਨ, ਉਨ੍ਹਾਂ ’ਚੋਂ ਇਕ ਵੀ ਪੂਰਾ ਨਹੀਂ ਕੀਤਾ ਗਿਆ, ਉਲਟਾ ਕਿਸਾਨਾਂ ’ਤੇ ਕਰਜ਼ਾ ਚੜ੍ਹ ਗਿਆ। ਹੁਣ ਸਰਕਾਰ ਨੇ ਨਵਾਂ ਫਰਮਾਨ ਜਾਰੀ ਕਰ ਦਿੱਤਾ ਹੈ ਕਿ ਪ੍ਰਤੀ ਏਕੜ 28.80 ਕਵਿੰਟਲ ਕਿੱਲੇ ਪੈਦਾਵਾਰ ਦੇ ਹਿਸਾਬ ਨਾਲ ਕਿਸਾਨਾਂ ਦੀ ਜੀਰੀ ਖਰੀਦੀ ਜਾਵੇਗੀ, ਜੋ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਇਸ ਸ਼ਰਤ ਨੂੰ ਤੁਰੰਤ ਹਟਾਇਆ ਜਾਵੇ। ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਨੇ ਬਰਬਾਦ ਕਰ ਦਿੱਤਾ ਹੈ। ਦਵਾਈਆਂ ਦਾ ਵੀ ਇਸ ਸੁੰਡੀ ’ਤੇ ਕੋਈ ਅਸਰ ਨਹੀਂ ਹੋਇਆ।
ਇਸ ਕਰਕੇ ਜ਼ਿੰਮੇਵਾਰ ਕੰਪਨੀਆਂ ਵਿਰੁੱਧ ਵੀ ਸਰਕਾਰ ਕਾਰਵਾਈ ਕਰੇ ਅਤੇ ਕਿਸਾਨਾਂ ਨੂੰ ਖਰਾਬ ਹੋਈ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ 2019 ਦੇ ਪੈਡੀ ਸੀਜ਼ਨ ਦੌਰਾਨ ਪਰਾਲੀ ਸਾੜਨ ’ਤੇ ਕਿਸਾਨਾਂ ’ਤੇ ਮੁਕੱਦਮੇ ਅਤੇ ਜੁਰਮਾਨੇ ਕੀਤੇ ਗਏ ਹਨ। ਅਸੀਂ ਸੰਘਰਸ਼ ਕਰਕੇ ਸਰਕਾਰ ਤੋਂ ਇਹ ਮੁਕੱਦਮੇ ਰੱਦ ਕਰਨ ਦਾ ਵਿਸ਼ਵਾਸ ਦਿਵਾਇਆ ਸੀ ਪਰ ਅਜੇ ਤੱਕ ਇਹ ਕੇਸ ਰੱਦ ਨਹੀਂ ਕੀਤੇ ਗਏ। ਇਸ ਦੌਰਾਨ ਲਖਮੀਰਪੁਰ ਖੀਰੀ ਵਿਖੇ ਹੋਏ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਉਪਰੰਤ ਰੈਲੀ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਯੁੱਧਵੀਰ ਸਿੰਘ ਨੇ ਕਿਹਾ ਕਿ ਜਿਹੜੇ ਤਿੰਨ ਖੇਤੀਬਾੜੀ ਕਾਨੂੰਨ ਕੇਂਦਰ ਦੀ ਭਾਜਪਾ ਸਰਕਾਰ ਨੇ ਬਣਾਏ ਹਨ, ਪਹਿਲਾਂ ਇਨ੍ਹਾਂ ਕਾਨੂੰਨਾਂ ਦਾ ਭਾਜਪਾ ਨੇ ਹੀ ਵਿਰੋਧ ਕੀਤਾ ਸੀ ਪਰ ਹੁਣ ਅਡਾਨੀ-ਅੰਬਾਨੀਆਂ ਦੇ ਦਬਾਅ ਹੇਠ ਆ ਕੇ ਇਹ ਕਾਨੂੰਨ ਬਣਾ ਦਿੱਤੇ ਹਨ।
ਇਸ ਜ਼ਾਲਮ ਸਰਕਾਰ ਨੇ ਸ਼ਾਂਤੀਪੂਰਵਕ ਢੰਗ ਨਾਲ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਯੂ. ਪੀ. ਦਰੜ ਦਿੱਤਾ, ਜਿਸ ਕਾਰਨ 4 ਕਿਸਾਨ ਤੇ ਇਕ ਪੱਤਰਕਾਰ ਸ਼ਹੀਦ ਹੋ ਗਿਆ। ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਪੂਰੇ ਦੇਸ਼ ਦੇ ਲੋਕ ਲਖਮੀਰਪੁਰ ਖੀਰੀ ਜਾ ਰਹੇ ਹਨ। ਇਹ ਲੜਾਈ ਸਿਰਫ ਪੰਜਾਬ ਦੇ ਕਿਸਾਨਾਂ ਦੀ ਹੀ ਨਹੀਂ ਬਲਕਿ ਪੂਰੇ ਦੇਸ਼ ਦੇ 80 ਕਰੋੜ ਕਿਸਾਨਾਂ ਦੀ ਹੈ। 11 ਅਕਤੂਬਰ ਨੂੰ ਮਹਾਰਾਸ਼ਟਰ ਬੰਦ ਕੀਤਾ ਜਾ ਰਿਹਾ ਹੈ। ਦੱਖਣ ਭਾਰਤ ਦੇ ਕਿਸਾਨਾਂ ਦੀ ਵੀ ਮੀਟਿੰਗ ਹੈਦਰਾਬਾਦ ਵਿਖੇ ਹੋ ਰਹੀ ਹੈ। ਪੂਰੇ ਦੇਸ਼ ਦੇ ਕਿਸਾਨ ਇਨ੍ਹਾਂ ਕਾਨੂੰਨਾਂ ਦੇ ਵਿਰੋਧ ’ਚ ਹਨ, ਇਸ ਲਈ ਕਿਸਾਨ ਆਗੂਅਾਂ ਨੇ ਚਿਤਾਵਨੀ ਦਿੱਤੀ ਕਿ ਇਨ੍ਹਾਂ ਤਿੰਨਾਂ ਖੇਤੀ ਕਾਨੂੰਨਾਂ ਨੂੰ ਫੌਰੀ ਤੌਰ ’ਤੇ ਵਾਪਸ ਲਿਆ ਜਾਵੇ।
ਰੈਲੀ ’ਚੋਂ ਉੱਠੀ ਆਵਾਜ਼ : 70 ਹਜ਼ਾਰ ਏਕੜ ਜ਼ਮੀਨ ਦੇ ਕਰੋ ਇੰਤਕਾਲ
ਰੈਲੀ ’ਚ ਜ਼ਿਲ੍ਹਾ ਪਠਾਨਕੋਟ, ਗੁਰਦਾਸਪੁਰ, ਫਿਰੋਜ਼ਪੁਰ, ਫਾਜ਼ਿਲਕਾ, ਅੰਮ੍ਰਿਤਸਰ ਤੋਂ ਆਏ ਕਿਸਾਨਾਂ ਨੇ ਕਾਗਜ਼ ਉਪਰ ਲਿਖ ਕੇ ਮੰਗ ਰੱਖੀ ਕਿ 70 ਹਜ਼ਾਰ ਏਕੜ ਜ਼ਮੀਨ 2007 ’ਚ ਕਿਸਾਨਾਂ ਨੂੰ ਮਾਲਿਕਾਨਾ ਹੱਕ ਵਜੋਂ ਬਣਦੀ ਕੀਮਤ ਜਮ੍ਹਾ ਕਰਵਾਉਣ ’ਤੇ ਦਿੱਤੀ ਗਈ ਸੀ, ਜਿਸ ਨੂੰ 2015 ਵਿਚ ਰੱਦ ਕਰ ਦਿੱਤਾ, ਜਿਸ ਦਾ ਹੁਣ ਨਵਾਂ ਮੁੱਲ ਮੰਗਿਆ ਜਾ ਰਿਹਾ ਹੈ। ਕਿਸਾਨਾਂ ਨੇ ਸਖਤ ਮਿਹਨਤ ਕਰ ਕੇ ਇਸ ਬੇਆਬਾਦ ਪਈ ਜ਼ਮੀਨ ਨੂੰ ਆਬਾਦ ਕਰਕੇ ਫਸਲ ਲਈ ਤਿਆਰ ਕੀਤਾ। ਵਿਧਾਨ ਸਭਾ ਘੇਰਨ ਤੇ ਵਿਸ਼ਵਾਸ ਦਿੱਤਾ ਗਿਆ ਕਿ ਇਸ ਨੂੰ ਕਿਸਾਨਾਂ ਨੂੰ ਦਿੱਤਾ ਜਾਵੇਗਾ ਪਰ ਇਹ ਲਾਰਾ ਹੀ ਸਿੱਧ ਹੋਇਆ ਹੈ।
ਟੈਂਪੂਆਂ-ਟਰਾਲੀਆਂ ’ਚ ਪਿੰਡਾਂ ’ਚੋਂ ਹੀ ਤਿਆਰ ਕਰ ਕੇ ਲਿਆਏ ਸਨ ਕਿਸਾਨ ਲੰਗਰ
ਰੈਲੀ ’ਚ ਸ਼ਾਮਲ ਹਜ਼ਾਰਾਂ ਕਿਸਾਨਾਂ ਲਈ ਲੰਗਰ ਵੀ ਕਿਸਾਨ ਪਿੰਡਾਂ ’ਚੋਂ ਟਰੈਕਟਰ, ਟਰਾਲੀਆਂ ਅਤੇ ਟੈਂਪੂਆਂ ਵਿਚ ਤਿਆਰ ਕਰਕੇ ਲਿਆਏ ਸਨ। ਇਨ੍ਹਾਂ ਵਾਹਨਾਂ ’ਚ ਹੀ ਵੱਖ-ਵੱਖ ਥਾਵਾਂ ’ਤੇ ਲੰਗਰ ਵਰਤਾਇਆ ਜਾ ਰਿਹਾ ਸੀ।
ਬੱਸਾਂ ਦੀਆਂ ਛੱਤਾਂ ਉਪਰ ਬੈਠ ਕੇ ਆਪਣੇ ਆਗੂਆਂ ਦੇ ਵਿਚਾਰਾਂ ਨੂੰ ਸੁਣ ਰਹੇ ਸਨ ਕਿਸਾਨ
ਪੰਡਾਲ ’ਚ ਭਾਰੀ ਇਕੱਠ ਸੀ ਅਤੇ ਗਰਮੀ ਵੀ ਬਹੁਤ ਜ਼ਿਆਦਾ ਸੀ, ਇਸ ਲਈ ਸੈਂਕੜਿਆਂ ਦੀ ਗਿਣਤੀ ’ਚ ਕਿਸਾਨ ਬੱਸਾਂ ਅਤੇ ਹੋਰ ਵਾਹਨਾਂ ਦੀਆਂ ਛੱਤਾਂ ਉਪਰ ਬੈਠ ਕੇ ਕਿਸਾਨ ਆਗੂਆਂ ਦੇ ਵਿਚਾਰ ਸੁਣ ਰਹੇ ਸਨ। ਰੈਲੀ ਨੂੰ ਲੈ ਕੇ ਕਿਸਾਨਾਂ ’ਚ ਭਾਰੀ ਉਤਸ਼ਾਹ ਸੀ।
ਕਿਸਾਨ ਅੰਦੋਲਨ ਦਾ ਹੱਬ ਬਣਿਆ ਜ਼ਿਲ੍ਹਾ ਬਰਨਾਲਾ
ਜਦੋਂ ਤੋਂ ਤਿੰਨ ਖੇਤੀਬਾੜੀ ਬਿੱਲ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਹਨ, ਉਦੋਂ ਤੋਂ ਹੀ ਬਰਨਾਲਾ ਜ਼ਿਲ੍ਹਾ ਕਿਸਾਨ ਅੰਦੋਲਨ ਦਾ ਹੱਬ ਬਣ ਚੁੱਕਾ ਹੈ। ਬਰਨਾਲਾ ਦੀ ਅਨਾਜ ਮੰਡੀ ’ਚ ਤਿੰਨ ਵੱਡੀਆਂ ਰੈਲੀਆਂ ਹੋ ਚੁੱਕੀਆਂ ਹਨ, ਜਿਸ ’ਚ ਲੱਖਾਂ ਕਿਸਾਨ ਇਕੱਠੇ ਹੋਏ ਹਨ। ਦੋ ਰੈਲੀਆਂ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਕੀਤੀਆਂ ਗਈਆਂ, ਜਿਸ ’ਚ ਸੂਬੇ ਦੇ ਵੱਖ-ਵੱਖ ਹਿੱਸਿਆਂ ’ਚੋਂ ਕਿਸਾਨਾਂ ਨੇ ਭਾਰੀ ਗਿਣਤੀ ’ਚ ਹਿੱਸਾ ਲਿਆ। ਅੱਜ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਤੀਸਰੀ ਵੱਡੀ ਰੈਲੀ ਕੀਤੀ ਗਈ, ਜਿਸ ’ਚ ਵੀ ਭਾਰੀ ਇਕੱਠ ਰਿਹਾ। ਇਹ ਤਿੰਨੋਂ ਵੱਡੀਆਂ ਰੈਲੀਆਂ ਬਰਨਾਲਾ ਵਿਖੇ ਹੀ ਹੋਈਆਂ। ਇਸ ਤੋਂ ਇਲਾਵਾ ਕਈ ਹੋਰ ਕਿਸਾਨ ਜਥੇਬੰਦੀਆਂ ਜ਼ਿਲ੍ਹਾ ਬਰਨਾਲਾ ਵਿਚ ਸਰਗਰਮ ਹਨ ਅਤੇ ਕਿਸਾਨ ਅੰਦੋਲਨ ਵਿਚ ਹਿੱਸਾ ਲੈ ਰਹੀਆਂ ਸਨ।
ਹਰੀਆਂ ਪੱਗਾਂ ਅਤੇ ਹਰੀਆਂ ਚੁੰਨੀਆਂ ਹੀ ਨਜ਼ਰ ਆਈਆਂ ਚਾਰੇ ਪਾਸੇ
ਰੈਲੀ ਵਿਚ ਜ਼ਿਆਦਾਤਰ ਕਿਸਾਨਾਂ ਅਤੇ ਔਰਤਾਂ ਨੇ ਹਰੀਆਂ ਪੱਗਾਂ ਅਤੇ ਹਰੀਆਂ ਚੁੰਨੀਆਂ ਹੀ ਲਈਆਂ ਹੋਈਆਂ ਸਨ। ਚਾਰੇ ਪਾਸੇ ਹਰਾ ਰੰਗ ਹੀ ਨਜ਼ਰ ਆ ਰਿਹਾ ਸੀ। ਪੂਰੀ ਅਨਾਜ ਮੰਡੀ ਹਰੀਆਂ ਪੱਗਾਂ ਅਤੇ ਹਰੀਆਂ ਚੁੰਨੀਆਂ ਵਾਲੇ ਲੋਕਾਂ ਨਾਲ ਭਰੀ ਹੋਈ ਸੀ।
74 ਸਾਲਾਂ ਤੋਂ ਲੋਕਾਂ ਦਾ ਖੂਨ ਚੂਸ ਰਹੇ ਲੀਡਰਾਂ ਦਾ ਪਿੰਡ ਵਿਚ ਵੜਨਾ ਮਨ੍ਹਾ
ਕਈ ਵਾਹਨਾਂ ਉਪਰ ਚਿਤਾਵਨੀ ਅਤੇ ਬਾਈਕਾਟ ਦੇ ਬੈਨਰ ਟੰਗੇ ਹੋਏ ਸਨ ਕਿ ਪਿਛਲੇ 74 ਸਾਲਾਂ ਤੋਂ ਆਮ ਲੋਕਾਂ ਦਾ ਖੂਨ ਚੂਸ ਰਹੇ, ਪੰਜਾਬ ਨੂੰ ਕਰਜ਼ਾਈ ਕਰ ਕੇ 5-5 ਪੈਨਸ਼ਨਾਂ ਲੈਣ ਵਾਲੇ ਸਿਆਸੀ ਲੀਡਰਾਂ ਦਾ ਪਿੰਡਾਂ ਵਿਚ ਆਉਣਾ ਸਖਤ ਮਨ੍ਹਾ ਹੈ। ਜੇਕਰ ਕੋਈ ਆਉਂਦਾ ਹੈ ਤਾਂ ਉਹ ਆਪਣੀ ਸੇਵਾ ਦਾ ਖੁਦ ਜ਼ਿੰਮੇਵਾਰ ਹੋਵੇਗਾ।