ਫਾਰੂਕ ਅਬਦੁੱਲਾ ਨੇ CRPF ਦੀ ਗੋਲੀਬਾਰੀ ‘ਚ ਨੌਜਵਾਨ ਦੀ ਮੌਤ ਦੀ ਕੀਤੀ ਨਿੰਦਾ

ਸ਼੍ਰੀਨਗਰ – ਨੈਸ਼ਨਲ ਕਾਨਫਰੰਸ (ਨੇਕਾਂ) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਫਾਰੂਕ ਅਬਦੁੱਲਾ ਨੇ ਵੀਰਵਾਰ ਦੀ ਰਾਤ ਅਨੰਤਨਾਗ ਵਿੱਚ ਸੀ.ਆਰ.ਪੀ.ਐੱਫ. ਦੀ ਗੋਲੀਬਾਰੀ ਵਿੱਚ ਇੱਕ ਨੌਜਵਾਨ ਦੇ ਮਾਰੇ ਜਾਣ ਦੀ ਸ਼ੁੱਕਰਵਾਰ ਨੂੰ ਨਿੰਦਾ ਕੀਤੀ। ਅਬਦੁੱਲਾ ਨੇ ਸੀ.ਆਰ.ਪੀ.ਐੱਫ. ਦੁਆਰਾ ਬਲ ਪ੍ਰਯੋਗ ਨੂੰ “ਅਣਉਚਿਤ ਅਤੇ ਅਨਿਆਂਪੂਰਣ” ਕਿਹਾ। ਉਨ੍ਹਾਂ ਕਿਹਾ ਕਿ ਅਸੀਂ ਹੁਣ ਤੱਕ ਸ਼੍ਰੀਨਗਰ ਵਿੱਚ ਨਿਸ਼ਾਨਾ ਬਣਾ ਕੇ ਕੀਤੀਆਂ ਗਈਆਂ ਹੱਤਿਆਵਾਂ ਦੇ ਸਦਮੇ ਤੋਂ ਬਾਹਰ ਨਹੀਂ ਨਿਕਲੇ ਸੀ ਕਿ ਸੀ.ਆਰ.ਪੀ.ਐੱਫ. ਦੀ ਗੋਲੀਬਾਰੀ ਦੇ ਨਤੀਜੇ ਵਜੋਂ ਇੱਕ ਨੌਜਵਾਨ ਦੀ ਮੌਤ ਨੇ ਸਾਨੂੰ ਫਿਰ ਸਦਮੇ ਵਿੱਚ ਪਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਪਹਿਲਾਂ ਤੋਂ ਹੀ ਲੋਕਾਂ ਵਿੱਚ ਮੌਜੂਦ ਅਸੁਰੱਖਿਆ ਦੀ ਭਾਵਨਾ ਨੂੰ ਹੋਰ ਵਧਾ ਦੇਣਗੀਆਂ। ਨੇਕਾਂ ਪ੍ਰਧਾਨ ਨੇ ਕਿਹਾ ਕਿ ਬਲਾਂ ਨੂੰ ਜ਼ਰੂਰੀ ਮਾਣਕ ਸੰਚਾਲਨ ਪ੍ਰਕਿਰਿਆਵਾਂ ਦਾ ਸਖ਼ਤੀ ਨਾਲ ਪਾਲਣ ਯਕੀਨੀ ਕਰਨਾ ਚਾਹੀਦਾ ਹੈ। ਨੈਸ਼ਨਲ ਕਾਨਫਰੰਸ ਦੇ ਉਪ-ਪ੍ਰਧਾਨ ਉਮਰ ਅਬਦੁੱਲਾ ਨੇ ਵੀ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਚੌਕਸੀ ਦੀ ਬੇਹੱਦ ਉੱਚ ਸਥਿਤੀ ਇਸ ਤਰ੍ਹਾਂ ਦੀ ਗੋਲੀਬਾਰੀ ਦਾ ਕਾਰਨ ਨਹੀਂ ਹੋ ਸਕਦੀ। ਉਨ੍ਹਾਂ ਨੇ ਪੀੜਤ ਪਰਿਵਾਰ ਪ੍ਰਤੀ ਸੰਵੇਦਨਾ ਵੀ ਜਤਾਈ।