ਕੋਲਾ ਸੰਕਟ ਕਾਰਨ ਤਲਵੰਡੀ ਸਾਬੋ ਦਾ ਇਕ ਯੂਨਿਟ ਬੰਦ, ਪਾਵਰਕਾਮ ਦੇ ਚੇਅਰਮੈਨ ਨੇ ਕਿਹਾ ਨਹੀਂ ਲੱਗਣਗੇ ਕੱਟ

ਪਟਿਆਲਾ : ਪੰਜਾਬ ਦੇ ਥਰਮਲ ਪਲਾਂਟਾਂ ’ਚ ਪੈਦਾ ਹੋਏ ਕੋਲਾ ਸੰਕਟ ਦੇ ਚਲਦਿਆਂ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਇਕ ਯੂਨਿਟ ਦੇਰ ਰਾਤ ਬੰਦ ਕਰ ਦਿੱਤਾ ਗਿਆ ਜਦਕਿ ਇਕ ਹੋਰ ਯੂਨਿਟ ਤਕਨੀਕੀ ਨੁਕਸ ਪੈਣ ਮਗਰੋਂ ਬੰਦ ਹੋ ਗਿਆ ਸੀ ਪਰ ਅੱਜ ਸਵੇਰੇ ਫਿਰ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਆਪਣੇ ਰੋਪੜ ਥਰਮਲ ਪਲਾਂਟ ਦਾ ਇਕ ਯੂਨਿਟ ਹੋਰ ਭਖਾ ਦਿੱਤਾ ਹੈ ਤਾਂ ਜੋ ਬਿਜਲੀ ਦੀ ਮੰਗ ਨਾਲ ਨਜਿੱਠਿਆ ਜਾ ਸਕੇ।
ਦਿਲਚਸਪ ਗੱਲ ਇਹ ਹੈ ਕਿ ਪਾਵਰਕਾਮ ਦੇ ਸੀ. ਐੱਮ. ਡੀ. ਏ ਵੇਨੂ ਪ੍ਰਸਾਦ ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਵਿਚ ਕੋਈ ਬਿਜਲੀ ਕੱਟ ਨਹੀਂ ਲਗਾਇਆ ਜਾ ਰਿਹਾ। ਜਦੋਂ ਉਨ੍ਹਾਂ ਤੋਂ ਰਾਜਸਥਾਨ ਵੱਲੋਂ ਕੱਟ ਲਗਾਏ ਜਾਣ ਬਾਰੇ ਪੁੱਛਿਆ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਵਿਚ ਕੱਟ ਲਾਉਣ ਦੀ ਕੋਈ ਤਜਵੀਜ਼ ਨਹੀਂ ਹੈ। ਦੂਜੇ ਪਾਸੇ ਪਾਵਰਕਾਮ ਦੇ ਸੂਤਰਾਂ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਵਿਚ 1 ਵਜੇ ਤੱਕ ਬਿਜਲੀ ਕੱਟ ਲਗਾਇਆ ਗਿਆ ਹੈ। ਸੂਤਰਾਂ ਨੇ ਇਹ ਵੀ ਦੱਸਿਆ ਕਿ ਇਹ ਕੱਟ ਫੌਰੀ ਤੌਰ ’ਤੇ ਲਗਾਇਆ ਗਿਆ ਹੈ ਪਰ ਇਸਦੀ ਪਹਿਲਾਂ ਕੋਈ ਤਜਵੀਜ਼ ਨਹੀਂ ਸੀ।