ਕੈਪਟਨ ਅਮਰਿੰਦਰ ਸਿੰਘ ਦੇ ਦਿੱਲੀ ‘ਚ ਡੇਰੇ, ਜੀ-23 ਆਗੂਆਂ ਨਾਲ ਮੁਲਾਕਾਤ ਦੀ ਚਰਚਾ

ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ‘ਚ ਡੇਰੇ ਲਾਏ ਹੋਏ ਹਨ। ਅਜਿਹੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਕੈਪਟਨ ਵੱਲੋਂ ਦਿੱਲੀ ‘ਚ ਜੀ-23 ਆਗੂਆਂ ਨਾਲ ਮੁਲਾਕਾਤ ਕੀਤੀ ਗਈ ਹੈ। ਇਸ ਸਮੇਂ ਕੈਪਟਨ ਕਾਂਗਰਸ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹਨ ਅਤੇ ਬੀਤੇ ਦਿਨੀਂ ਉਨ੍ਹਾਂ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕੀਤੀ ਗਈ ਸੀ।
ਹੁਣ ਚਰਚਾ ਇਹ ਹੈ ਕਿ ਕੈਪਟਨ ਨੇ ਜੀ-23 ਆਗੂਆਂ ਨਾਲ ਮੁਲਾਕਾਤ ਕੀਤੀ ਹੈ। ਇਨ੍ਹਾਂ ਚਰਚਾਵਾਂ ਨੂੰ ਇਸ ਲਈ ਵੀ ਬਲ ਮਿਲ ਰਿਹਾ ਹੈ ਕਿਉਂਕਿ ਜਦੋਂ ਕੈਪਟਨ ਪਹਿਲਾਂ ਦਿੱਲੀ ਗਏ ਸਨ ਤਾਂ ਉਨ੍ਹਾਂ ਨੇ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨਾਲ ਮੁਲਾਕਾਤ ਕੀਤੀ ਸੀ, ਜੋ ਕਿ ਜੀ-23 ਆਗੂਆਂ ‘ਚ ਸ਼ਾਮਲ ਹਨ।
ਦੱਸਣਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਪ੍ਰਦੇਸ਼ ਪ੍ਰਧਾਨ ਅਹੁਦੇ ਤੋਂ ਅਸਤੀਫ਼ੇ ਮਗਰੋਂ ਜੀ-23 ਆਗੂ ਤੇ ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ ਨੇ ਕਿਹਾ ਸੀ ਕਿ ਕਾਂਗਰਸ ਕੋਲ ਹੁਣ ਕੋਈ ਸਥਾਈ ਪ੍ਰਧਾਨ ਨਹੀਂ ਹੈ ਤਾਂ ਫਿਰ ਪ੍ਰਦੇਸ਼ ਪ੍ਰਧਾਨ ਨੂੰ ਕੌਣ ਲਾ ਰਿਹਾ ਹੈ। ਜੀ-23 ਗਰੁੱਪ ਲਗਾਤਾਰ ਕਾਂਗਰਸ ‘ਚ ਸਥਾਈ ਪ੍ਰਧਾਨ ਲਾਉਣ ਦੀ ਮੰਗ ਚੁੱਕਦਾ ਰਿਹਾ ਹੈ।