ਨਵੀਂ ਦਿੱਲੀ- ਚੋਣਾਵੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਲਖੀਮਪੁਰ ਖੀਰੀ ਮਾਮਲੇ ਤੋਂ ਕਾਂਗਰਸ ਦੀ ਅਗਵਾਈ ’ਚ ਵਿਰੋਧੀ ਧਿਰ ਦੇ ਉੱਠ ਖੜ੍ਹੇ ਹੋਣ ਦੀ ਉਮੀਦ ਲਗਾ ਰਹੇ ਲੋਕਾਂ ਨੂੰ ਨਿਰਾਸ਼ਾ ਹੋ ਸਕਦੀ ਹੈ, ਕਿਉਂਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਨਾਲ ਜੁੜੀਆਂ ਸਮੱਸਿਆਵਾਂ ਦਾ ਕੋਈ ਤੇਜ਼ ਹੱਲ ਨਹੀਂ ਹੈ। ਉਨ੍ਹਾਂ ਨੇ ਇਹ ਟਿੱਪਣੀ ਉਸ ਸਮੇਂ ਕੀਤੀ ਹੈ, ਜਦੋਂ ਕੁਝ ਹਫ਼ਤੇ ਪਹਿਲਾਂ ਤੱਕ ਉਨ੍ਹਾਂ ਦੇ ਕਾਂਗਰਸ ’ਚ ਸ਼ਾਮਲ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ।
ਪ੍ਰਸ਼ਾਂਤ ਕਿਸ਼ੋਰ ਨੇ ਟਵੀਟ ਕੀਤਾ,‘‘ਲਖੀਮਪੁਰ ਖੀਰੀ ਦੀ ਘਟਨਾ ਦੇ ਆਧਾਰ ’ਤੇ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦੀ ਅਗਵਾਈ ’ਚ ਵਿਰੋਧੀ ਧਿਰ ਦੇ ਤੇਜ਼ ਰੂਪ ਨਾਲ ਉੱਠ ਖੜ੍ਹੇ ਹੋਣ ਦੀ ਉਮੀਦ ਲਗਾ ਰਹੇ ਲੋਕ ਨਿਰਾਸ਼ ਹੋ ਸਕਦੇ ਹਨ।’’ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ,‘‘ਬਦਕਿਸਮਤੀ ਨਾਲ ਸਭ ਤੋਂ ਪੁਰਾਣੀ ਪਾਰਟੀ ’ਚ ਲੰਬੇ ਸਮੇਂ ਤੋਂ ਘਰ ਕਰ ਚੁਕੀਆਂ ਸਮੱਸਿਆਵਾਂ ਅਤੇ ਢਾਂਚਾਗਤ ਕਮਜ਼ੋਰੀਆਂ ਦਾ ਕੋਈ ਤੁਰੰਤ ਹੱਲ ਨਹੀਂ ਹੈ।’’ ਲਖੀਮਪੁਰ ਖੀਰੀ ’ਚ ਹੋਈ ਹਿੰਸਾ ’ਚ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਮੌਤ ਤੋਂ ਬਾਅਦ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਸੀ। ਦੱਸਣਯੋਗ ਹੈ ਕਿ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੋਨੀਆ ਖੇਤਰ ’ਚ ਐਤਵਾਰ ਨੂੰ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੋਰੀਆ ਦੇ ਦੌਰੇ ਦੇ ਵਿਰੋਧ ਨੂੰ ਲੈ ਕੇ ਭੜਕੀ ਹਿੰਸਾ ’ਚ 4 ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ’ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਸਮੇਤ ਕਈ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।