ਜਲੰਧਰ – ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਸਿਆਸੀ ਤੌਰ ’ਤੇ ਮੁੜ-ਵਸੇਬੇ ਵੱਲ ਹੁਣ ਸੂਬੇ ਦੇ ਕਾਂਗਰਸੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਪਿਛਲੇ ਦਿਨੀਂ ਦਿੱਲੀ ’ਚ ਰਾਹੁਲ ਗਾਂਧੀ ਨਾਲ ਮੁਲਾਕਾਤ ਦੌਰਾਨ ਜਾਖੜ ਦਾ ਸਨਮਾਨਜਨਕ ਢੰਗ ਨਾਲ ਮੁੜ-ਵਸੇਬਾ ਕਰਨ ਦਾ ਭਰੋਸਾ ਦਿੱਤਾ ਗਿਆ ਸੀ।
ਕਾਂਗਰਸੀ ਸੂਤਰਾਂ ਨੇ ਦੱਸਿਆ ਕਿ ਲਖੀਮਪੁਰ ਖੀਰੀ ’ਚ ਕਿਸਾਨਾਂ ਦੀਆਂ ਹੱਤਿਆਵਾਂ ਦਾ ਕਾਂਡ ਹੋ ਜਾਣ ਕਾਰਨ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਦਾ ਧਿਆਨ ਫਿਲਹਾਲ ਉੱਤਰ ਪ੍ਰਦੇਸ਼ ਵੱਲ ਕੇਂਦਰਿਤ ਹੋ ਗਿਆ ਸੀ, ਜਿਸ ਕਾਰਨ ਜਾਖੜ ਦਾ ਮੁੜ-ਵਸੇਬਾ ਨਹੀਂ ਕੀਤਾ ਜਾ ਸਕਿਆ। ਹੁਣ ਅਗਲੇ ਕੁਝ ਦਿਨਾਂ ’ਚ ਲਖੀਮਪੁਰ ਖੀਰੀ ਦਾ ਮਾਮਲਾ ਠੰਡਾ ਪੈਣ ’ਤੇ ਜਾਖੜ ਨੂੰ ਲੈ ਕੇ ਵੀ ਰਾਹੁਲ ਗਾਂਧੀ ਵੱਲੋਂ ਅਹਿਮ ਫ਼ੈਸਲਾ ਲਿਆ ਜਾ ਸਕਦਾ ਹੈ। ਫਿਲਹਾਲ ਕਾਂਗਰਸੀ ਦਿੱਲੀ ਦਰਬਾਰ ਵੱਲ ਵੇਖ ਰਹੇ ਹਨ। ਜਾਖੜ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਅਤੇ ਟਿਕਟ ਵੰਡ ਕਮੇਟੀ ’ਚ ਅਹਿਮ ਜ਼ਿੰਮੇਵਾਰੀ ਸੌਂਪੇ ਜਾਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ।
ਕਾਂਗਰਸੀ ਸੂਤਰਾਂ ਨੇ ਦੱਸਿਆ ਕਿ ਸੂਬਾ ਵਿਧਾਨ ਸਭਾ ’ਚ ਆਮ ਚੋਣਾਂ ਨੂੰ ਲੈ ਕੇ ਆਦਰਸ਼ ਚੋਣ ਜ਼ਾਬਤਾ ਦਸੰਬਰ ਦੇ ਆਖ਼ਰੀ ਹਫ਼ਤੇ ’ਚ ਲੱਗ ਜਾਣ ਦੇ ਆਸਾਰ ਹਨ ਕਿਉਂਕਿ ਦਸੰਬਰ ਦੇ ਅਖ਼ੀਰ ਤੱਕ ਵਿਧਾਨ ਸਭਾ ਚੋਣਾਂ ਦੀਆਂ ਮਿਤੀਆਂ ਦਾ ਐਲਾਨ ਚੋਣ ਕਮਿਸ਼ਨ ਵੱਲੋਂ ਕਰ ਦਿੱਤਾ ਜਾਵੇਗਾ। ਅਜਿਹੀ ਸਥਿਤੀ ’ਚ ਜਾਖੜ ਦਾ ਮੁੜ-ਵਸੇਬਾ ਸੰਭਵ ਹੀ ਇਸ ਮਹੀਨੇ ਹੋ ਜਾਣ ਦੇ ਆਸਾਰ ਵਿਖਾਈ ਦੇ ਰਹੇ ਹਨ। ਜੇ ਉਨ੍ਹਾਂ ਨੂੰ ਟਿਕਟ ਵੰਡ ਕਮੇਟੀ ਵਿਚ ਕੇਂਦਰੀ ਲੀਡਰਸ਼ਿਪ ਜ਼ਿੰਮੇਵਾਰੀ ਦਿੰਦੀ ਹੈ ਤਾਂ ਉਸ ਸਥਿਤੀ ’ਚ ਕਾਂਗਰਸੀਆਂ ਦਾ ਝੁਕਾਅ ਜਾਖੜ ਵੱਲ ਹੋ ਜਾਏਗਾ। ਜਾਖੜ ਵੀ ਮੁੱਖ ਮੰਤਰੀ ਅਹੁਦੇ ਦੀ ਦੌੜ ’ਚ ਮੋਹਰੀ ਸਨ ਪਰ ਬਾਅਦ ’ਚ ਚਰਨਜੀਤ ਸਿੰਘ ਚੰਨੀ ਦੇ ਨਾਂ ’ਤੇ ਸਹਿਮਤੀ ਬਣੀ। ਉਨ੍ਹਾਂ ਨੂੰ ਉੱਪ ਮੁੱਖ ਮੰਤਰੀ ਅਹੁਦੇ ਦੀ ਪੇਸ਼ਕਸ਼ ਵੀ ਕੀਤੀ ਗਈ ਸੀ ਪਰ ਜਾਖੜ ਨੇ ਇਹ ਅਹੁਦਾ ਲੈਣ ਤੋਂ ਨਾਂਹ ਕਰ ਦਿੱਤੀ ਸੀ।