ਅੰਮ੍ਰਿਤਸਰ : ਗੁਜਰਾਤ ਤੋਂ ਬਰਾਮਦ ਹੋਈ 3000 ਕਿਲੋ ਹੈਰੋਇਨ ਦੀਆਂ ਤਾਰਾਂ ਅੰਮ੍ਰਿਤਸਰ ਦੇ ਮਸ਼ਹੂਰ ਡਰੱਗ ਕੇਸ ਦੇ ਦੋਸ਼ੀ ਅਤੇ ਸਾਬਕਾ ਅਕਾਲੀ ਨੇਤਾ ਅਨਵਰ ਮਸੀਹ ਨਾਲ ਜੁੜੀਆਂ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਅੱਜ ਸਵੇਰੇ ਐੱਨ.ਆਈ.ਏ. ਅਧਿਕਾਰੀਆਂ ਦੀਆਂ ਟੀਮਾਂ ਵਲੋਂ ਭਾਰੀ ਪੁਲਸ ਫੋਰਸ ਨਾਲ ਮਿਲ ਕੇ ਅੰਮ੍ਰਿਤਸਰ ਵਿੱਚ ਸਥਿਤ ਅਨਵਰ ਮਸੀਹ ਦੇ ਘਰ ਛਾਪੇ ਮਾਰੀ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਐੱਨ.ਆਈ.ਏ. ਦੀ ਟੀਮ ਹੁਣ ਤੱਕ ਵੀ ਅਨਵਰ ਮਸੀਹ ਦੇ ਘਰ ਦੇ ਅੰਦਰ ਹੈ ਅਤੇ ਜਾਂਚ ਕਰ ਰਹੀ ਹੈ। ਟੀਮ ਦੇ ਅਧਿਕਾਰੀਆਂ ਨੇ ਪਰਿਵਾਰ ਦੇ ਮੈਂਬਰਾਂ ਦੇ ਫੋਨ ਲੈ ਲਏ ਹਨ ਅਤੇ ਉਨ੍ਹਾਂ ਦਾ ਡਾਟਾ ਚੈੱਕ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਜੁਲਾਈ 2020 ਵਿੱਚ ਪੰਜਾਬ ਪੁਲਸ ਨੇ ਅਨਵਰ ਮਸੀਹ ਦੁਆਰਾ ਕਿਰਾਏ ’ਤੇ ਲਈ ਗਈ ਕੋਠੀ ਵਿੱਚੋਂ 194 ਕਿਲੋ ਹੈਰੋਇਨ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਸੀ। ਪਿਛਲੇ ਦਿਨੀਂ ਗੁਜਰਾਤ ਦੇ ਕੱਛ ਦੇ ਮੁੰਦਰਾ ਬੰਦਰਗਾਹ ਤੋਂ ਹੈਰੋਇਨ ਦੀ ਵੱਡੀ ਖੇਪ ਫੜੀ ਗਈ ਹੈ। ਡਾਇਰੈਕਟੋਰੇਟ ਆਫ ਰੈਵੇਨਿ ਇੰਟੈਲੀਜੈਂਸ (ਡੀਆਰਆਈ) ਦੁਆਰਾ ਜ਼ਬਤ ਕੀਤੀਆਂ ਗਈਆਂ ਹੈਰੋਇਨ ਦੀ ਕੀਮਤ ਲਗਭਗ 21 ਹਜ਼ਾਰ ਕਰੋੜ ਰੁਪਏ ਦੱਸੀ ਜਾਂਦੀ ਹੈ। ਬੰਦਰਗਾਹ ‘ਤੇ ਦੋ ਕੰਟੇਨਰਾਂ’ ਚ ਲਗਭਗ 3000 ਕਿਲੋ ਹੈਰੋਇਨ ਜ਼ਬਤ ਕੀਤੀ ਗਈ ਹੈ। ਇਸ ਦੇ ਨਾਲ ਹੀ ਦੋ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।