ਨਵੀਂ ਦਿੱਲੀ – ਟੀਮ ਇੰਡੀਆ ਦੇ ਧਾਕੜ ਵਿਕਟਕੀਪਰ / ਬੱਲੇਬਾਜ਼ ਅਤੇ ਦਿੱਲੀ ਕੈਪੀਟਲਜ਼ ਦੇ ਕਪਤਾਨ ਰਿਸ਼ਭ ਪੰਤ ਇਸ ਹਫ਼ਤੇ ਆਪਣਾ 24ਵਾਂ ਜਨਮ ਦਿਨ ਮਨਾ ਰਿਹਾ ਹੈ। ਪੰਤ ਦਾ ਜਨਮ 4 ਅਕਤੂਬਰ 1997 ਨੂੰ ਉਤਰਾਖੰਡ ‘ਚ ਹੋਇਆ ਸੀ। ਪੰਤ ਦੀ ਫ਼ਰਸ਼ ਤੋਂ ਅਰਸ਼ ਤਕ ਪਹੁੰਚਣ ਦੀ ਕਹਾਣੀ ਬਹੁਤ ਸੰਘਰਸ਼ਾਂ ਨਾਲ ਭਰੀ ਹੋਈ ਹੈ, ਪਰ ਉਸ ਨੇ ਸਖ਼ਤ ਮਿਹਨਤ ਕਰ ਕੇ ਇਹ ਮੁਕਾਮ ਹਾਸਿਲ ਕਰ ਲਿਆ।
ਪੰਤ ਟੀਮ ਇੰਡੀਆ ਦੇ ਤਿੰਨੋਂ ਫ਼ੌਰਮੈਟਾਂ ‘ਚ ਆਪਣਾ ਡੈਬਿਊ ਕਰ ਚੁੱਕੈ ਅਤੇ ਧੋਨੀ ਤੋਂ ਬਾਅਦ ਵਿਕਟਕੀਪਰ ਦੇ ਤੌਰ ‘ਤੇ ਉਸ ਨੂੰ ਪਹਿਲੀ ਪਸੰਦ ਦੇ ਤੌਰ ‘ਤੇ ਦੇਖਿਆ ਗਿਆ। ਪੰਤ ਨੇ ਆਪਣੇ ਕਰੀਅਰ ‘ਚ ਭਾਰਤ ਲਈ 25 ਟੈੱਸਟ, 18 ਵਨ-ਡੇ ਅਤੇ 32 T-20 ਮੈਚ ਖੇਡ ਚੁੱਕਾ ਹੈ। ਇਸ ਤੋਂ ਇਲਾਵਾ, ਉਹ ਇੰਡੀਅਨ ਪ੍ਰੀਮੀਅਰ ਲੀਗ ‘ਚ 80 ਮੈਚ ਖੇਡ ਚੁੱਕੇ ਹਨ।
ਸੰਘਰਸ਼ ਦੇ ਦਿਨਾਂ ‘ਚ ਰਾਤ ਨੂੰ ਗੁਰਦੁਆਰੇ ‘ਚ ਸੋਂਦਾ ਸੀ ਪੰਤ
ਉੱਤਰਾਖੰਡ ‘ਚ ਜਦੋਂ ਪੰਤ ਕ੍ਰਿਕਟ ਖੇਡਦਾ ਤਾਂ ਲੋਕ ਉਸ ਨੂੰ ਦਿੱਲੀ ਜਾਣ ਦੀ ਸਲਾਹ ਦਿੰਦੇ ਸਨ। ਰਿਸ਼ਭ ਪੰਤ ਨੇ ਇੱਕ ਇੰਟਰਵਿਊ ‘ਚ ਦੱਸਿਆ ਸੀ ਕਿ ਉਹ ਕ੍ਰਿਕਟਰ ਬਣਨ ਦੇ ਆਪਣੇ ਸੰਘਰਸ਼ ਦੇ ਦਿਨਾਂ ‘ਚ ਦਿੱਲੀ ‘ਚ ਇੱਕ ਗੁਰਦੁਆਰੇ ‘ਚ ਸੋਂਦਾ ਸੀ। ਹਾਲਾਂਕਿ ਸ਼ੁਰੂਆਤੀ ਸੰਘਰਸ਼ ਦਾ ਸਾਹਮਣਾ ਕਰਦੇ ਹੋਏ ਪੰਤ ਆਪਣੀ ਅਨੋਖੀ ਅਤੇ ਤਾਬੜਤੋੜ ਬੱਲੇਬਾਜ਼ੀ ਨਾਲ ਲੱਖਾਂ ਨੌਜਵਾਨ ਖਿਡਾਰੀਆਂ ਅਤੇ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕੀਤਾ।
ਟੈੱਸਟਾਂ ‘ਚ ਛੱਕੇ ਨਾਲ ਖੋਲਿਆ ਆਪਣਾ ਖ਼ਾਤਾ
ਰਿਸ਼ਭ ਪੰਤ ਕ੍ਰਿਕਟ ਦੇ ਤਿੰਨੋਂ ਫ਼ੌਰਮੈਟਾਂ ‘ਚ ਆਪਣੀ ਧਮਾਕੇਦਾਰ ਬੱਲੇਬਾਜ਼ੀ ਲਈ ਜਾਣਿਆ ਜਾਂਦਾ ਹੈ। ਉਸ ਨੇ ਟੈੱਸਟ ਕ੍ਰਿਕਟ ‘ਚ ਇੰਗਲੈਂਡ ਖ਼ਿਲਾਫ਼ ਆਪਣੇ ਕਰੀਅਰ ਦਾ ਆਗਾਜ਼ ਕੀਤਾ ਸੀ। ਇਸ ਮੈਚ ‘ਚ ਉਸ ਨੇ ਆਪਣਾ ਖਾਤਾ ਛੱਕਾ ਲਾ ਕੇ ਖੋਲਿਆ ਸੀ। ਉਸ ਨੇ ਟੈੱਸਟ ਡੈਬਿਊ ‘ਚ 25 ਦੌੜਾਂ (ਪਹਿਲੀ ਪਾਰੀ ‘ਚ 24 ਅਤੇ ਦੂਜੀ ਪਾਰੀ ‘ਚ ਇਕੱ) ਬਣਾਈਆਂ ਸਨ। ਉਸ ਦੇ ਨਾਂ ਇਸ ਫ਼ੌਰਮੈਟ ‘ਚ ਅਜੇ ਤਕ ਤਿੰਨ ਸੈਂਕੜੇ ਅਤੇ ਸੱਤ ਅਰਧ ਸੈਂਕੜੇ ਦਰਜ ਹਨ।
ਕਿਹੋ ਜਿਹਾ ਹੈ ਪੰਤ ਦਾ ਕੌਮਾਂਤਰੀ ਕਰੀਅਰ
ਪੰਤ ਨੇ ਟੈੱਸਟ ਕ੍ਰਿਕਟ ‘ਚ ਭਾਰਤ ਲਈ 39.72 ਦੀ ਔਸਤ ਨਾਲ 1,549 ਦੌੜਾਂ ਬਣਾਈਆਂ ਹਨ। ਇਸ ਫ਼ੌਰਮੈਟ ‘ਚ ਉਨ੍ਹਾਂ ਨੇ ਤਿੰਨ ਸੈਂਕੜੇ ਅਤੇ ਸੱਤ ਵਾਰ ਅਰਧ ਸੈਂਕੜੇ ਲਗਾਏ ਹਨ ਜਦਕਿ ਉਸ ਦਾ ਸਰਬਉੱਚ ਸਕੋਰ 159 ਦੌੜਾਂ ਦਾ ਰਿਹਾ ਹੈ। ਜੇਕਰ ਵਨ-ਡੇ ਦੀ ਗੱਲ ਕਰੀਏ ਤਾਂ ਇਸ ਖਿਡਾਰੀ ਨੇ 33.06 ਦੀ ਔਸਤ ਨਾਲ 529 ਦੌੜਾਂ ਬਣਾਈਆਂ ਹਨ। ਇਸ ਫ਼ੌਰਮੈਟ ‘ਚ ਪੰਤ ਦਾ ਸਰਵਉੱਚ ਸਕੋਰ 78 ਦੌੜਾਂ ਦਾ ਹੈ। ਇਸ ਤੋਂ ਇਲਾਵਾ ਉਸ ਨੇ 3 ਅਰਧ ਸੈਂਕੜੇ ਵਾਲੀ ਪਾਰੀਆਂ ਖੇਡੀਆਂ ਹਨ। T-20 ਕੌਮਾਂਤਰੀ ਮੈਚਾਂ ‘ਚ ਇਸ ਖਿਡਾਰੀ ਨੇ 21.33 ਦੀ ਔਸਤ ਨਾਲ 512 ਦੌੜਾਂ ਬਣਾਈਆਂ ਹਨ। ਇਸ ਫ਼ੌਰਮੈਟ ‘ਚ ਪੰਤ ਦਾ ਸਰਵਸ੍ਰੇਸ਼ਠ ਸਕੋਰ 65 ਦੌੜਾਂ ਹੈ ਜਦਕਿ ਦੋ ਵਾਰ ਉਸ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਹੈ।