ਲੰਡਨ – ਇੰਗਲੈਂਡ ਦੇ ਨੌਜਵਾਨ ਆਲਰਾਊਂਡਰ ਸੈਮ ਕਿਉਰੈਨ ਪਿੱਠ ਦੇ ਹੇਠਲੇ ਹਿੱਸੇ ‘ਚ ਸੱਟ ਕਾਰਨ ਸੰਯੁਕਤ ਅਰਬ ਅਮੀਰਾਤ (UAE) ‘ਚ ਜਾਰੀ IPL 2021 ਦੇ ਆਖਰੀ ਗੇੜ ਦੇ ਨਾਲ-ਨਾਲ ਇੱਥੇ ਹੋਣ ਵਾਲੇ ਆਗਾਮੀ ICC ਵਲੋਂ ਕਰਵਾਏ ਜਾ ਰਹੇ T-20 ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਹੈ। ਇੰਗਲੈਂਡ ਐਂਡ ਵੇਲਜ਼ ਕ੍ਰਿਕਟ ਬੋਰਡ (ECB) ਨੇ ਇਸ ਦੀ ਪੁਸ਼ਟੀ ਕੀਤੀ। ਸੈਮ ਕਿਉਰੈਨ ਦੀ ਗ਼ੈਰ-ਮੌਜੂਦਗੀ ‘ਚ ਹੁਣ ਉਸ ਦੇ ਭਰਾ ਟੌਮ ਕਿਉਰੈਨ ਨੂੰ ਇੰਗਲੈਂਡ ਦੀ T-20 ਵਿਸ਼ਵ ਕੱਪ ਟੀਮ ‘ਚ ਸ਼ਾਮਿਲ ਕੀਤਾ ਗਿਆ ਹੈ ਜਿਸ ‘ਚ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਰੀਸ ਟੌਪਲੀ ਵੀ ਇੱਕ ਰੀਜ਼ਰਵ ਖਿਡਾਰੀ ਦੇ ਰੂਪ ‘ਚ ਜੁੜਿਆ ਹੈ।
ECB ਨੇ ਮੰਗਲਵਾਰ ਨੂੰ ਇੱਕ ਬਿਆਨ ‘ਚ ਕਿਹਾ ਕਿ ਸੈਮ ਕਿਉਰੈਨ ਅਗਲੇ ਕੁੱਝ ਦਿਨਾਂ ‘ਚ ਵਾਪਿਸ ਇੰਗਲੈਂਡ ਲਈ ਉੱਡਾਣ ਭਰੇਗਾ ਅਤੇ ਇਲਾਜ ਲਈ ਸਕੈਨ ਕਰਵਾਏਗਾ। ECB ਦੀ ਮੈਡੀਕਲ ਟੀਮ ਵਲੋਂ ਇਸ ਹਫ਼ਤੇ ਉਸ ਦੀ ਸੱਟ ਦੀ ਪੂਰੀ ਸਮੀਖਿਆ ਕੀਤੀ ਜਾਵੇਗੀ। ਸਮਝਿਆ ਜਾਂਦਾ ਹੈ ਕਿ 23 ਸਾਲਾ ਸੈਮ ਨੇ ਪਿਛਲੇ ਸ਼ਨੀਵਾਰ ਨੂੰ ਆਬੂ ਧਾਬੀ ‘ਚ ਰਾਜਸਥਾਨ ਰੌਇਲਜ਼ ਵਿਰੁੱਧ IPL ਮੈਚ ਦੇ ਬਾਅਦ ਪਿੱਠ ‘ਚ ਦਰਦ ਦੀ ਸ਼ਿਕਾਇਤ ਕੀਤੀ ਸੀ। ਬਾਅਦ ‘ਚ ਹੋਈ ਸਕੈਨ ‘ਚ ਉਸ ਦੀ ਸੱਟ ਦੇ ਬਾਰੇ ‘ਚ ਪਤਾ ਲੱਗਿਆ। ਸੱਟ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਸ ਨੇ 17 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ T-20 ਵਿਸ਼ਵ ਕੱਪ ਤੋਂ ਬਾਹਰ ਹੋਣ ਦਾ ਫ਼ੈਸਲਾ ਲਿਆ।
ਇੰਗਲੈਂਡ ਦੀ T-20 ਵਿਸ਼ਵ ਕੱਪ ਟੀਮ – ਇਔਇਨ ਮੌਰਗਨ (ਕਪਤਾਨ), ਮੋਈਨ ਅਲੀ, ਜੋਨੀ ਬੇਅਰਸਟੋ, ਸੈਮ ਬਿਲਿੰਗਜ਼, ਜੋਸ ਬਟਲਰ, ਟੌਮ ਕਿਉਰੈਨ, ਕ੍ਰਿਸ ਜੌਰਡਨ, ਲਿਐਮ ਲਿਵਿੰਗਸਟਨ, ਡਾਵਿਡ ਮਲਾਨ, ਟਾਈਮਲ ਮਿਲਜ਼, ਆਦਿਲ ਰਾਸ਼ਿਦ, ਜੇਸਨ ਰੌਏ, ਡੇਵਿਡ ਵਿਲੀ, ਕ੍ਰਿਸ ਵੋਕਸ ਅਤੇ ਮਾਰਕ ਵੁੱਡ।
ਰਿਜ਼ਰਵ ਖਿਡਾਰੀ: ਲਿਐਮ ਡੌਸਨ, ਰੀਸ ਟੋਪਲੀ ਅਤੇ ਜੇਮਜ਼ ਵਿੰਸ।