ਪੱਤਰਕਾਰ ਵਿਚਾਰੇ ਸਿੱਧੂ ਦੇ ਦੁਆਰੇ
ਪੱਤਰਕਾਰਾਂ ਨੂੰ ਕੰਨਸੋ ਮਿਲਣੀ ਚਾਹੀਦੀ ਐ ਕਿ ਕਾਂਗਰਸ ਵਿੱਚ ਪਟਾਕੇ ਪੈਣ ਵਾਲੇ ਨੇ, ਬੱਸ ਉਹ ਆਪਣਾ ਮੂੰਹ ਸਿੱਧੂ ਦੀ ਪਟਿਆਲੇ ਆਲੀ ਕੋਠੀ ਵੱਲ ਘੁੰਮਾ ਲੈਂਦੇ ਨੇ। ਬੱਸ ਫ਼ੇਰ ਕੀ ਦੇਹ ਤੇਰੀ ਦੀ, ਲੈ ਤੇਰੇ ਦੀ। ਕਦੇ ਕੈਮਰੇ ਪੁੱਠਾ ਕਰ, ਕਦੇ ਸਿੱਧਾ ਕਰ – ਕੋਠੀ ਅੰਦਰ ਝਾਤੀਆਂ ਮਾਰਦੇ ਰਹਿੰਦੇ ਹਨ। ਪਰਦੇ ਦੇ ਪਿੱਛੇ ਬੈਠੇ ਲੀਡਰਾਂ ਦੀਆਂ ਪਰਛਾਈਆਂ ਨੂੰ ਵੀ ਪੁੱਛਦੇ ਰਹਿੰਦੇ ਨੇ, ਬਈ ਦੱਸੋ ਗੱਲ ਕਿਥੇ ਪਹੁੰਚੀ? ਸਿੱਧੂ ਵੀ ਕਿਹੜਾ ਘੱਟ ਐ, ਉਹ ਵੀ ਸਿੱਧਾ ਹੀ ਹੋ ਲੈਂਦਾ। ਕੋਠੀ ਦੇ ਬਾਹਰ ਪਈਆਂ ਕੁਰਸੀਆਂ ਵੀ ਚੁੱਕਵਾ ਦਿੰਦੈ। ਚਾਹ-ਪਾਣੀ ਤਾਂ ਕਿਹੜੇ ਨੇ ਪੁੱਛਣਾ, ਜਿਵੇਂ ਪੱਤਰਕਾਰ ਚਟਕਾਰੇ ਲੈਂਦੇ ਹਨ, ਓਵੇਂ ਸਿੱਧੂ ਵੀ ਚਟਕਾਰੇ ਲੈਂਦੈ, ਦਬ ‘ਤੀ ਕਿੱਲੀ … ਠੋਕੋ ਤਾਲੀ। ਕਹਿੰਦਾ ਹੋਣਾ ਵੀ ਮੈਂ ਕਿਹੜਾ ਪੱਤਰਕਾਰਾਂ ਨੂੰ ਸੱਦਾ ਦਿੱਤੈ, ਰੋਜ਼ ਮੇਰੇ ਦਰਵਾਜ਼ੇ ਆਣ ਖੜ੍ਹਦੇ ਨੇ। ਪੱਤਰਕਾਰ ਵੀ ਕਹਿੰਦੇ ਹੋਣੇ, ਆਈਏ ਨਾ, ਐਨੇ ਪਟਾਕੇ ਤਾਂ ਵਜਦੇ ਉਨ੍ਹਾਂ ਕਦੇ ਦੀਵਾਲੀ ਨੂੰ ਨਹੀਂ ਸੁਣੇ, ਜਿੰਨੇ ਕਾਂਗਰਸ ‘ਚ ਪੈਂਦੇ ਦੇਖੇ ਜਾਂਦੇ ਆ। ਪੱਤਰਕਾਰ ਵੀ ਸਵੇਰੇ ਪਹੁ ਫ਼ੱਟਦੀ ਨਈਂ ਸੈਰ ਕਰਦੇ ਲੋਕਾਂ ਨੂੰ ਪੁੱਛਦੇ ਨੇ, ”ਤੁਸੀਂ ਕੀ ਸਮਝਦੇ ਹੋ ਕਿ ਕਾਂਗਰਸ ਵਿੱਚ ਸਭ ਕੁੱਝ ਠੀਕ ਚੱਲਦੈ।” ਅੱਗਿਓਂ ਮੇਰੇ ਵਰਗਾ ਕਹਿੰਦੈ, ”ਇਹ ਤਾਂ ਕਾਂਗਰਸੀਆਂ ਨੂੰ ਨਹੀਂ ਪਤਾ ਕਿ ਠੀਕ ਚੱਲ ਰਿਹੈ ਜਾਂ ਗ਼ਲਤ, ਸਾਨੂੰ ਕੀ ਪਤਾ? ”ਫ਼ਿਰ ਸਿੱਧੂ ਦੇ ਘਰ ਆ ਜਾਂਦੇ ਨੇ ਹੋਰ ਲੀਡਰ, ਬੱਸ ਪੈ ਜਾਂਦੀ ਐ ਹਾਲ ਦੁਹਾਈ। ਟੈਲੀਵਿਯਨ ਤੋਂ ਕਿਹਾ ਜਾਂਦੈ ਬਰੇਕਿੰਗ ਨਿਊਜ਼ … ਸਿੱਧੂ ਦੇ ਘਰ ਦੋ ਲੀਡਰ ਆਏ, ਬਾਅਦ ‘ਚ ਪਤਾ ਲੱਗਦੈ ਉਹ ਤਾਂ ਧੋਬੀ ਅਤੇ ਦੋਧੀ ਆਏ ਸਨ। ਪਲ-ਪਲ ਦੀ ਜਾਣਕਾਰੀ ਦਿੰਦੇ ਪੱਤਰਕਾਰਾਂ ਨੂੰ ਇਸ ਗੱਲ ਦਾ ਵੀ ਮਲਾਲ ਐ ਕਿ ਸਿੱਧੂ ਤਾਂ ਉਨ੍ਹਾਂ ਨੂੰ ਚਾਹ ਪਾਣੀ ਵੀ ਨਹੀਂ ਪੁੱਛਦਾ, ਇਹੀ ਉਲਾਂਭਾ ਸੈਕਿਓਰਿਟੀ ਵਾਲਿਆਂ ਦਾ ਵੀ ਐ। ਵਿਚਾਰੇ ਧੁੱਪੇ ਖੜ੍ਹੇ ਸੁੱਕ ਜਾਂਦੇ ਨੇ, ਪਰ ਸਿੱਧੂ ਦੀ ਕੋਠੀ ‘ਚੋਂ ਪਾਣੀ ਵੀ ਨਹੀਂ ਆਉਂਦਾ। ਪੱਤਰਕਾਰ ਭਰਾਵੋ, ਦੱਸੋ ਉਹ ਤੁਹਾਨੂੰ ਚਾਹ-ਪਾਣੀ ਕਿਉਂ ਪੁੱਛੇ, ਤੁਸੀਂ ਤਾਂ ਅਗਲੇ ਦੀਆਂ ਜੇਨਉ ਪਾ ਕੇ ਹਵਨ ਕਰਦੇ ਦੀਆਂ ਤਸਵੀਰਾਂ ਸੋਸ਼ਲ ਮੀਡੀਏ ‘ਤੇ ਪਾ ਦਿੰਦੇ ਹੋ! ਪੱਤਰਕਾਰ ਵੀਰੋ, ਤੁਸੀਂ ਬਹੁਤ ਸਿਆਣੇ ਓ, ਤੁਹਾਨੂੰ ਪਤਾ ਹੋਣਾ ਚਾਹੀਦੈ ਬਈ ਮੁੱਖ ਮੰਤਰੀ ਬਣਨ ਦੀ ਖਾਤਰ ਸਿੱਧੂ ਨੇ ਕਪਿਲ ਦਾ ਸ਼ੋਅ ਛੱਡਿਆ। ਮੁੱਖ ਮੰਤਰੀ ਬਣਨ ਲਈ ਕੈਪਟਨ ਨੂੰ ਚਲਦਾ ਕੀਤਾ। ਹੁਣ ਚੰਨੀ ਸਾਹਿਬ ਮੁੱਖ ਮੰਤਰੀ ਦੀ ਕੁਰਸੀ ਉੱਤੇ ਬੈਠ ਗਏ, ਸਿੱਧੂ ਤਾਂ ਬੇਰੁਜ਼ਗਾਰ ਹੀ ਹੁੰਦਾ ਜਾ ਰਿਹੈ। ਅੱਗਿਓਂ ਉਸ ਦੀ ਕਾਂਗਰਸ ਦੀ ਪ੍ਰਧਾਨਗੀ ਨੂੰ ਵੀ ਖ਼ਤਰਾ ਪੈਦਾ ਹੋ ਗਿਆ ਹੈ। ਕਮਾਈ ਕੋਈ ਹੈ ਨਹੀਂ, ਉੱਪਰੋਂ ਪੱਤਰਕਾਰਾਂ ਨੂੰ ਚਾਹ ਪਾਣੀ ਪਿਲਾ ਕੇ ਹੋਰ ਖ਼ਰਚਾ ਵਧਾਉਣੈ। ਇਸ ਲਈ ਅੱਗਿਓਂ ਸਬਕ ਸਿੱਖ ਲਓ ਵੀ, ਜੇਕਰ ਸਿੱਧੂ ਦੀ ਕਵਰੇਜ ਲਈ ਜਾਣਾ ਤਾਂ ਆਪਣੇ ਰੋਟੀ-ਪਾਣੀ ਅਤੇ ਚਾਹ-ਪਾਣੀ ਦਾ ਇੰਤਜ਼ਾਮ ਆਪ ਕਰ ਕੇ ਜਾਇਓ। ਵਿਚਾਰਾ ਸੁਖਵਿੰਦਰ ਸੈਂਡੀ ਰੋਜ਼-ਰੋਜ਼ ਤਾਂ ਤੁਹਾਨੂੰ ਚਾਹ-ਸਮੋਸੇ ਖਵਾ ਨਹੀਂ ਸਕੇਗਾ।
ਕੀ ਭਗਵੰਤ ਮਾਨ ਦੇ ਚਿਹਰੇ ‘ਤੇ ਛਾਈਆਂ ਹਨ?
ਭਗਵੰਤ ਮਾਨ ਮੇਰਾ ਛੋਟਾ ਭਰਾ ਹੈ। ਇਹ ਕਿਹਾ ਹੈ ਅਰਵਿੰਦ ਕੇਜਰੀਵਾਲ ਨੇ ਪੰਜਾਬ ਆ ਕੇ ਜਦੋਂ ਉਨ੍ਹਾਂ ਨੇ ਪੰਜਾਬ ਵਾਸੀਆਂ ਨੂੰ ਸਿਹਤ ਸਬੰਧੀ 6 ਗੈਰੰਟੀਆਂ ਦਿੱਤੀਆਂ। ਛੋਟਾ ਭਰਾ ਕਹਿ ਕੇ ਭਗਵੰਤ ਮਾਨ ਦੀਆਂ ਇੱਛਾਵਾਂ ਸ਼ਾਂਤ ਕਰਨ ਦਾ ਯਤਨ ਕੀਤਾ ਹੈ ਕਿਉਂਕਿ ਪਿਛਲੇ ਕੁੱਝ ਸਮੇਂ ਤੋਂ ਭਗਵੰਤ ਮਾਨ ਪੰਜਾਬ ‘ਚ ਆਮ ਆਦਮੀ ਪਾਰਟੀ ਵਲੋਂ ਮੁੱਖ ਮੰਤਰੀ ਦਾ ਚਿਹਰਾ ਬਣਾਏ ਜਾਣ ਦਾ ਚਾਹਵਾਨ ਹੈ। ਅਜਿਹਾ ਹੀ ਪਾਠ ਪਹਿਲਾਂ ਵੀ ਕੇਜਰੀਵਾਲ ਸਾਹਿਬ ਨੇ ਇੱਕ ਵੀਡੀਓ ਰਾਹੀਂ ਪੜ੍ਹਾਇਆ ਸੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਆਪਣਾ ਕਰਤੱਵ ਨਿਭਾਈ ਜਾਵੋ ਪਰ ਫ਼ਲ ਦੀ ਇੱਛਾ ਨਾ ਰੱਖੋ। ਅਜਿਹਾ ਕਰ ਕੇ ਉਨ੍ਹਾਂ ਨੇ ਸਾਰਿਆਂ ਨੂੰ ਚਿਤਾਵਨੀ ਵੀ ਦਿੱਤੀ ਅਤੇ ਇਹ ਪ੍ਰਭਾਵ ਵੀ ਦਿੱਤਾ ਕਿ ਉਨ੍ਹਾਂ ਉੱਤੇ ਕੋਈ ਪ੍ਰਸ਼ਨ ਨਹੀਂ ਉਠਾਉਣਾ। ਇਹ ਗੱਲ ਵੱਖਰੀ ਹੈ ਕਿ ਕੇਜਰੀਵਾਲ ਕੋਲ ਦੋ ਅਹੁਦੇ ਹਨ। ਉਹ ਮੁੱਖ ਮੰਤਰੀ ਵੀ ਹਨ ਅਤੇ ਪਾਰਟੀ ਦੇ ਕਨਵੀਨਰ ਵੀ ਹਨ। ਉਨ੍ਹਾਂ ਨੂੰ ਫ਼ਲ ਦੀ ਕਦੇ ਵੀ ਇੱਛਾ ਨਹੀਂ ਰਹੀ। ਪਹਿਲਾਂ ਕਨਵੀਨਰ ਦੇ ਅਹੁਦੇ ਦੀ ਮਿਆਦ ਛੋਟੀ ਸੀ, ਹੁਣ ਵੱਡੀ ਕਰ ਦਿੱਤੀ ਗਈ ਹੈ। ਭਗਵੰਤ ਮਾਨ ਵੀ ਕੀ ਕਰੇ, ਮੀਡੀਏ ਵਾਲਿਆਂ ਨੇ ਜਦੋਂ ਪੁੱਛਿਆ ਤਾਂ ਉਸ ਨੇ ਵੀ ਕਹਿ ਦਿੱਤਾ, ‘ਹਾਂ ਮੈਂ ਛੋਟਾ ਭਰਾ ਹਾਂ। ‘ਛੋਟੇ ਭਰਾ ਨੂੰ ਵੱਡੇ ਭਰਾ ਦੀ ਆਗਿਆ ਮੰਨ ਲੈਣੀ ਚਾਹੀਦੀ ਹੈ। ਭਰਤ ਬਣ ਕੇ ਰਹਿਣਾ ਚਾਹੀਦਾ ਹੈ ਅਤੇ ਖੜਾਵਾਂ ਦੀ ਪੂਜਾ ਕਰਨੀ ਚਾਹੀਦੀ ਹੈ।
ਸਿਆਸਤ ਵਿੱਚ ਕੋਈ ਕਿਉਂ ਆਉਂਦਾ ਹੈ, ਇਹ ਬਹੁਤ ਵੱਡਾ ਸਵਾਲ ਹੈ। ਕੋਈ ਭਾਈ ਕਨ੍ਹਈਆ ਬਣ ਕੇ ਤਾਂ ਆਉਂਦਾ ਨਹੀਂ ਕਿ ਲੋਕਾਈ ਦੀ ਸੇਵਾ ਕਰਨੀ ਹੈ। ਜਦੋਂ ਕੋਈ ਵਿਧਾਇਕ ਬਣਦਾ ਹੈ ਤਾਂ ਉਸ ਦੀ ਇੱਛਾ ਹੁੰਦੀ ਹੈ ਕਿ ਮੰਤਰੀ ਬਣ ਜਾਵੇ। ਜਦੋਂ ਕੋਈ ਮੰਤਰੀ ਬਣ ਜਾਂਦਾ ਹੈ ਤਾਂ ਉਸ ਦੀ ਇੱਛਾ ਹੁੰਦੀ ਹੈ ਕਿ ਮੁੱਖ ਮੰਤਰੀ ਬਣ ਜਾਵੇ। ਹੁਣ ਇਹ ਦਸੋ ਕਿ ਭਗਵੰਤ ਮਾਨ ਕਿਸ ਪ੍ਰਕਾਰ ਆਪਣੀ ਇੱਛਾ ਨੂੰ ਦਬਾ ਕੇ ਰੱਖੇ ਜਿਸ ਨੇ ਆਪ ਆਦਮੀ ਪਾਰਟੀ ਦੇ ਪੈਰ ਪੰਜਾਬ ‘ਚ ਮਜ਼ਬੂਤ ਕੀਤੇ। ਹੁਣ ਕੇਜਰੀਵਾਲ ਸਾਹਿਬ ਕਹਿੰਦੇ ਨੇ ਕਿ ਕੋਈ ਚੰਗਾ ਚਿਹਰਾ ਪੰਜਾਬ ਨੂੰ ਦਿੱਤਾ ਜਾਵੇਗਾ। ਕੀ ਭਗਵੰਤ ਮਾਨ ਦੇ ਚਿਹਰੇ ਉਤੇ ਛਾਈਆਂ ਪਈਆਂ ਹੋਈਆਂ ਨੇ ਕਿ ਫ਼ੋਟੋ ਵਧੀਆ ਨਹੀਂ ਆਉਣੀ ਅਤੇ ਉਹ ਪੰਜਾਬ ‘ਚ ਮੁੱਖ ਮੰਤਰੀ ਦਾ ਚਿਹਰਾ ਨਹੀਂ ਬਣ ਸਕਦਾ।
ਅੱਜ ਜਿਹੜੀਆਂ ਸਿਹਤ ਸਬੰਧੀ ਛੇ ਗਰੰਟੀਆਂ ਦਿੱਤੀਆਂ ਉਸ ਸਬੰਧੀ ਜਿਹੜਾ ਕਿਤਾਬਚਾ ਜਾਰੀ ਕੀਤਾ ਉਸ ਉੱਤੇ ਕੇਜਰੀਵਾਲ ਸਾਹਿਬ ਦੀ ਹੀ ਤਸਵੀਰ ਹੈ, ਕਿਸੇ ਹੋਰ ਦੀ ਨਹੀਂ। ਖ਼ਬਰਾਂ ਤਾਂ ਇਹ ਹਨ ਕਿ ਕੇਜਰੀਵਾਲ ਜੀ ਦੀ ਧਰਮ ਪਤਨੀ ਦੀ ਵੋਟ ਪੰਜਾਬ ‘ਚ ਬਣ ਚੁੱਕੀ ਹੈ। ਇਸ ਪਿਛੇ ਕੀ ਮਕਸਦ ਹੈ?
ਚੱਲ ਭਰਾ ਭਗਵੰਤ ਸਿਹਾਂ ਕਰੀ ਚੱਲ ਸੇਵਾ, ਚੱਲੀ ਚੱਲ ਰਾਘਵ ਚੱਢੇ ਦੇ ਮਗਰ-ਮਗਰ। ਚੱਢਾ ਜੀ ਦੀ ਇੱਛਾ ਵੱਲ ਵੀ ਕੇਜਰੀਵਾਲ ਸਾਹਿਬ ਨੂੰ ਗੌਰ ਕਰਨਾ ਚਾਹੀਦਾ ਹੈ। ਉਹ ਵੀ ਤਾਂ ਦਿੱਲੀ ਦਾ ਵਿਧਾਇਕ ਹੈ, ਅਤੇ ਉਸ ਦੀ ਇੱਛਾ ਹੈ ਕਿ ਉਸ ਨੂੰ ਵੀ ਪਾਇਲਟ ਗੱਡੀ ਮਿਲੇ ਜਿਵੇਂ ਹਰਪਾਲ ਸਿੰਘ ਚੀਮਾ ਨੂੰ ਮਿਲੀ ਹੋਈ ਹੈ।
ਦਰਸ਼ਨ ਸਿੰਘ ਦਰਸ਼ਕ 89555-0891