ਲੰਡਨ – ਇੰਗਲੈਂਡ ਦੀ ਟੀਮ ਐਸ਼ੇਜ਼ ਕ੍ਰਿਕਟ ਸੀਰੀਜ਼ ਲਈ ਦਸੰਬਰ ਜਨਵਰੀ ‘ਚ ਫ਼ਿਰ ਆਸਟਰੇਲੀਆ ਜਾਵੇਗੀ, ਜਦੋਂ ਉਸ ਦੇ ਸਾਰੇ ਸਰਵਸ੍ਰੇਸ਼ਠ ਖਿਡਾਰੀ ਟੀਮ ‘ਚ ਹੋਣਗੇ। ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ ਨੇ ਇਹ ਗੱਲ ਕਹੀ। ਕੋਰੋਨਾ ਮਹਾਂਮਾਰੀ ਦੇ ਵਿਚਾਲੇ ਆਸਟਰੇਲੀਆ ‘ਚ ਲਾਗੂ ਸਖ਼ਤ ਪ੍ਰੋਟੋਕੌਲਜ਼ ਦੇ ਚਲਦੇ ECB ਨੇ ਕਿਹਾ ਕਿ ਇਸ ਹਫ਼ਤੇ ਐਲਾਨ ਹੋਵੇਗਾ ਕਿ ਟੀਮ ਜਾ ਰਹੀ ਹੈ ਜਾਂ ਨਹੀਂ। ECB ਨੇ ਇੱਕ ਬਿਆਨ ‘ਚ ਕਿਹਾ ਕਿ ਐਸ਼ੇਜ਼ ਸੀਰੀਜ਼ ਦੀਆਂ ਤਿਆਰੀਆਂ ਦੇ ਲਈ ਕ੍ਰਿਕਟ ਆਸਟਰੇਲੀਆ ਨਾਲ ਨਿਯਮਿਤ ਅਤੇ ਸਕਾਰਾਤਮਕ ਗੱਲਬਾਤ ਹੋ ਰਹੀ ਹੈ। ਇੰਗਲੈਂਡ ਦੇ ਖਿਡਾਰੀ ਆਸਟਰੇਲੀਆ ‘ਚ ਇਕਾਂਤਵਾਸ ‘ਚ ਰਹਿਣ ਅਤੇ ਪਰਿਵਾਰ ਨੂੰ ਨਾਲ ਯਾਤਰਾ ਦੀ ਆਗਿਆ ਨਹੀਂ ਮਿਲਣ ਦੀ ਸੰਭਾਵਨਾ ਤੋਂ ਚਿੰਤਿਤ ਹਨ।
ECB ਨੇ ਕਿਹਾ ਕਿ ਅਸੀਂ ਇਸ ਹਫ਼ਤੇ ਦੌਰਾਨ ਖਿਡਾਰੀਆਂ ਨਾਲ ਗੱਲਬਾਤ ਕਰਦੇ ਰਹਾਂਗੇ, ਅਤੇ ਉਨ੍ਹਾਂ ਨੂੰ ਤਾਜ਼ਾ ਅਪਡੇਟ ਦੇ ਕੇ ਫ਼ੀਡਬੈਕ ਵੀ ਲਵਾਂਗੇ। UAE ‘ਚ 17 ਅਕਤੂਬਰ ਤੋਂ 14 ਨਵੰਬਰ ਤਕ T-20 ਵਿਸ਼ਵ ਕੱਪ ਅਤੇ 8 ਦਸੰਬਰ ਤੋਂ ਜਨਵਰੀ ਅੱਧ ਤਕ ਪੰਜ ਟੈੱਸਟ ਮੈਚਾਂ ਦੀ ਐਸ਼ੇਜ਼ ਸੀਰੀਜ਼ ਦੇ ਮਾਇਨੇ ਹਨ ਕਿ ਖਿਡਾਰੀ ਤਿੰਨ ਮਹੀਨੇ ਤੋਂ ਜ਼ਿਆਦਾ ਸਮਾਂ ਘਰਾਂ ਤੋਂ ਦੂਰ ਰਹਿਣਗੇ। ਇੰਗਲੈਂਡ ਦੇ ਸਟਾਰ ਆਲਰਾਊਂਡਰ ਖਿਡਾਰੀ ਬੈੱਨ ਸਟੋਕਸ ਨੇ ਮਾਨਸਿਕ ਸਿਹਤ ਦਾ ਹਵਾਲਾ ਦੇ ਕੇ ਕ੍ਰਿਕਟ ਤੋਂ ਬ੍ਰੇਕ ਲਈ ਹੋਈ ਹੈ। ਇੰਗਲੈਂਡ ਦੇ ਕਪਤਾਨ ਜੋਅ ਰੂਟ ਨੇ ਵੀ ਸਪੱਸ਼ਟ ਨਹੀਂ ਕੀਤਾ ਕਿ ਉਹ ਐਸ਼ੇਜ਼ ਖੇਡਣਗੇ ਜਾਂ ਨਹੀਂ। ਆਸਟਰੇਲੀਆ ਦੇ ਕਪਤਾਨ ਟਿਮ ਪੇਨ ਨੇ ਕਿਹਾ ਕਿ ਰੂਟ ਆਉਣ ਜਾਂ ਨਹੀਂ, ਐਸ਼ੇਜ਼ ਸੀਰੀਜ਼ ਹੋਵੇਗੀ।