ਜੰਮੂ— ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਸ਼੍ਰੀਨਗਰ ’ਚ ਅੱਤਵਾਦੀ ਹਮਲੇ ਦੀ ਘਟਨਾ ਨੂੰ ਕਾਇਰਤਾਪੂਰਨ ਦੱਸਿਆ, ਜਿਸ ’ਚ ਇਕ ਸਰਕਾਰੀ ਸਕੂਲ ਦੇ ਪਿ੍ਰੰਸੀਪਲ ਅਤੇ ਅਧਿਆਪਕ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਚੁੱਘ ਨੇ ਅਜਿਹੀਆਂ ਘਟਨਾਵਾਂ ਨੂੰ ਪਾਕਿਸਤਾਨ ਆਈ. ਐੱਸ. ਆਈ. ਵਲੋਂ ਸਹਿਯੋਗੀ ਵਿਘਨਕਾਰੀ ਅਤੇ ਦੇਸ਼ ਵਿਰੋਧੀ ਤਾਕਤਾਂ ਦੀ ਕਾਇਰਤਾਪੂਰਨ ਕਾਰਵਾਈ ਦੱਸਿਆ।
ਚੁੱਘ ਨੇ ਕਿਹਾ ਕਿ ਸ਼੍ਰੀਨਗਰ ਦੇ ਈਦਗਾਹ ਇਲਾਕੇ ਵਿਚ ਅੱਜ ਇਕ ਮਹਿਲਾ ਸਮੇਤ ਸਰਕਾਰੀ ਸਕੂਲ ਦੇ ਪਿ੍ਰੰਸੀਪਲ ਅਤੇ ਅਧਿਆਪਕਾ ਦਾ ਕਤਲ ਕਰ ਦਿੱਤਾ ਗਿਆ। ਘਾਟੀ ਵਿਚ ਅਜਿਹੀਆਂ ਘਟਨਾਵਾਂ ਸ਼ਾਂਤੀ ਅਤੇ ਵਿਕਾਸ ਦੇ ਰਾਹ ’ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਹੈ। ਅੱਤਵਾਦੀਆਂ ਵਲੋਂ ਕੀਤਾ ਗਿਆ ਇਹ ਇਕ ਘਿਣੌਨਾ ਅਪਰਾਧ ਹੈ। ਕਸ਼ਮੀਰੀ ਪੰਡਿਤ ਅਤੇ ਸ਼੍ਰੀਨਗਰ ਦੀ ਸਭ ਤੋਂ ਪ੍ਰਸਿੱਧ ਫਾਰਮੈਸੀ ਦੇ ਮਾਲਕ ਮੱਖਣ ਲਾਲ ਬਿੰਦਰੂ ਦਾ ਗੋਲੀ ਮਾਰ ਕੇ ਕਤਲ ਵੀ ਇਸ ਗੱਲ ਦਾ ਸੰਕੇਤ ਸੀ ਕਿ ਅੱਤਵਾਦੀਆਂ ਨੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ।
ਅੱਤਵਾਦੀਆਂ ਵਲੋਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇਣਾ ਸ਼ਰਮਨਾਕ ਅਤੇ ਕਾਇਰਤਾਪੂਰਨ ਹੈ। ਘਾਟੀ ਵਿਚ ਸ਼ਾਂਤੀ ਭੰਗ ਕਰਨ ਲਈ ਇਸ ਤਰ੍ਹਾਂ ਦੇ ਅੱਤਵਾਦੀ ਹਮਲਿਆਂ ਨੂੰ ਅੰਜ਼ਾਮ ਦੇਣ ਲਈ ਪਾਕਿਸਤਾਨ ਆਈ. ਐੱਸ. ਆਈ. ਨੂੰ ਜ਼ਿੰਮੇਵਾਰ ਠਹਿਰਾਇਆ। ਦੱਸਣਯੋਗ ਹੈ ਕਿ ਅੱਤਵਾਦੀਆਂ ਨੇ ਅੱਜ ਇਕ ਸਰਕਾਰੀ ਸਕੂਲ ਨੂੰ ਨਿਸ਼ਾਨਾ ਬਣਾਇਆ। ਇਸ ਅੱਤਵਾਦੀ ਹਮਲੇ ਵਿਚ ਪਿ੍ਰੰਸੀਪਲ ਅਤੇ ਅਧਿਆਪਕ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।