ਨਵੀਂ ਦਿੱਲੀ – ਸਾਬਕਾ ਕੋਚ ਡਬਲਯੂ ਵੀ ਰਮਨ ਨੇ ਮੰਗਲਵਾਰ ਨੂੰ ਕਿਹਾ ਕਿ ਆਗਾਮੀ ਮਹਿਲਾ ਵਨ ਡੇ ਵਿਸ਼ਵ ਕੱਪ ਤੋਂ ਬਾਅਦ ਸਲਾਮੀ ਬੱਲੇਬਾਜ਼ ਸ੍ਰਮਿਤੀ ਮੰਧਾਨਾ ਨੂੰ ਭਾਰਤੀ ਟੀਮ ਦੀ ਕਮਾਨ ਸੌਂਪ ਦੇਣੀ ਚਾਹੀਦੀ। 25 ਸਾਲਾ ਦੀ ਮੰਧਾਨਾ 2013 ‘ਚ ਡੈਬਿਊ ਕਰਨ ਤੋਂ ਬਾਅਦ ਟੀਮ ਦੀ ਅਹਿਮ ਖਿਡਾਰੀ ਹੈ। ਰਮਨ ਨੇ ਇੱਥੇ ਇੱਕ ਔਨਲਾਈਨ ਪ੍ਰੈੱਸ ਕਾਨਫ਼ਰੰਸ ‘ਚ ਕਿਹਾ ਕਿ ਕਪਤਾਨੀ ਦਾ ਉਮਰ ਨਾਲ ਕੋਈ ਲੈਣਾ-ਦੇਣਾ ਨਹੀਂ, ਪਰ ਮੈਨੂੰ ਯਕੀਨ ਹੈ ਕਿ ਮੰਧਾਨਾ ਕਪਤਾਨ ਹੋ ਸਕਦੀ ਹੈ। ਉਹ ਖੇਡ ਨੂੰ ਵਧੀਆ ਤਰੀਕੇ ਨਾਲ ਸਮਝਦੀ ਹੈ। ਉਹ ਕਈ ਸਾਲਾਂ ਤੋਂ ਕ੍ਰਿਕਟ ਖੇਡ ਰਹੀ ਹੈ।
ਉਸ ਨੇ ਕਿਹਾ ਕਿ ਇਹ ਇੱਕ ਵਧੀਆ ਸਮਾਂ ਹੋ ਸਕਦਾ ਹੈ, ਅਤੇ ਇੱਕ ਨੌਜਵਾਨ ਕ੍ਰਿਕਟਰ ਨੂੰ ਕਪਤਾਨੀ ਦੇਣ ਦਾ ਮਤਲਬ ਹੈ ਕਿ ਉਹ ਕੁੱਝ ਸਾਲਾਂ ਤਕ ਟੀਮ ਦੀ ਅਗਵਾਈ ਕਰ ਸਕਦੀ ਹੈ। ਹਾਲ ਦੇ ਦਿਨਾਂ ‘ਚ ਭਾਵੇਂ ਜੋ ਵੀ ਨਤੀਜਾ ਰਿਹਾ ਹੋਵੇ ਟੀਮ ਨੂੰ ਵਿਸ਼ਵ ਕੱਪ ਤਕ ਇੰਤਜ਼ਾਰ ਕਰਨਾ ਚਾਹੀਦਾ ਹੈ। ਵਿਸ਼ਵ ਕੱਪ ‘ਚ ਭਾਵੇਂ ਜੋ ਵੀ ਨਤੀਜਾ ਹੋਵੇ ਮੈਨੂੰ ਲੱਗਦਾ ਹੈ ਕਿ ਸ੍ਰਮਿਤੀ ਨੂੰ ਕਪਤਾਨੀ ਸੌਂਪ ਦੇਣੀ ਚਾਹੀਦੀ ਹੈ। ਫ਼ਿਲਹਾਲ 38 ਸਾਲਾ ਦੀ ਅਨੁਭਵੀ ਮਿਤਾਲੀ ਰਾਜ ਭਾਰਤ ਦੀ ਟੈੱਸਟ ਅਤੇ ਵਨ ਡੇ ਟੀਮ ਦੀ ਕਪਤਾਨ ਹੈ ਜਦਕਿ 32 ਸਾਲਾ ਹਰਮਨਪ੍ਰੀਤ ਕੌਰ T-20 ਅੰਤਰਰਾਸ਼ਟਰੀ ਟੀਮ ਦੀ ਕਪਤਾਨ ਹੈ।