ਗੁਰਦਾਸਪੁਰ – ਸਾਬਕਾ ਮੰਤਰੀ ਪੰਜਾਬ ਰਹੇ ਜਥੇਦਾਰ ਸੇਵਾ ਸਿੰਘ ਸੇਖਵਾਂ ਦਾ ਬੀਤੇ ਦਿਨ ਇਲਾਜ ਦੌਰਾਨ ਹਸਪਤਾਲ ’ਚ ਦੇਰ ਸ਼ਾਮ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੂੰ ਅੱਜ ਪਿੰਡ ਸੇਖਵਾਂ ਵਿਖੇ ਵੱਡੀ ਗਿਣਤੀ ’ਚ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਅਤੇ ਲੋਕਾਂ ਵਲੋਂ ਆਖਰੀ ਵਿਦਾਈ ਦਿੱਤੀ ਗਈ। ਸੇਵਾ ਸਿੰਘ ਸੇਖਵਾਂ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਕਰ ਦਿੱਤਾ ਗਿਆ।
ਇਸ ਮੌਕੇ ਜਿਥੇ ਪੰਜਾਬ ਪੁਲਸ ਦੀ ਟੁਕੜੀ ਵਲੋਂ ਉਨ੍ਹਾਂ ਨੂੰ ਸਲਾਮੀ ਦਿੱਤੀ ਗਈ, ਉਥੇ ਹੀ ਜ਼ਿਲ੍ਹੇ ਦੇ ਡੀ.ਸੀ. ਮੋਹੰਮਦ ਇਸ਼ਫਾਕ ਵਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਗਈ। ਅੰਤਿਮ ਸੰਸਕਾਰ ਮੌਕੇ ਉਨ੍ਹਾਂ ਦੇ ਪੁੱਤਰ ਜਗਰੂਪ ਸਿੰਘ ਸੇਖਵਾਂ ਨੇ ਆਪਣੇ ਪਿਤਾ ਨੂੰ ਮੁਖ ਅਗਨੀ ਦਿੱਤੀ।
ਇਸ ਮੌਕੇ ਜਿਥੇ ਆਮ ਆਦਮੀ ਪਾਰਟੀ ਤੋਂ ਨੇਤਾ ਅਤੇ ਵਿਧਾਇਕ ਮੀਤ ਹੇਯਰ ਸ਼ਾਮਲ ਹੋਏ, ਉਥੇ ਹੀ ਅਕਾਲੀ ਦਲ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਨੇਤਾ ਵੀ ਪਹੁੰਚੇ ਹੋਏ ਸਨ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਭੁਪਿੰਦਰ ਸਿੰਘ ਮਾਨ ਨੇ ਕਿਹਾ ਕਿ ਸੇਵਾ ਸਿੰਘ ਸੇਖਵਾਂ ਇਕ ਵੱਡੀ ਸ਼ਖਸ਼ੀਅਤ ਸਨ।
ਬੇਟੇ ਜਗਰੂਪ ਸਿੰਘ ਸੇਖਵਾਂ ਨੇ ਵੀ ਇਸ ਦੌਰਾਨ ਭਾਵੁਕ ਹੁੰਦੇ ਹੋਏ ਕਿਹਾ ਕਿ ਉਸ ਦੇ ਪਿਤਾ ਲੰਬੇ ਸਮੇਂ ਤੋਂ ਬੀਮਾਰ ਸਨ। ਉਹ ਲੋਕਾਂ ਦੀ ਸੇਵਾ ਕਰਦੇ ਰਹੇ ਅਤੇ ਅੱਗੇ ਵੀ ਲੋਕ ਸੇਵਾ ਕਰਨ ਦੀ ਜ਼ਿੰਮੇਵਾਰੀ ਦੇਕੇ ਗਏ ਹਨ।