ਐਡੀਲੇਡ – ਆਸਟਰੇਲੀਆ ਦੀ ਆਲਰਾਊਂਡਰ ਐਲਿਸਾ ਪੈਰੀ ਤਿੰਨੇ ਫ਼ੌਰਮੈਟਾਂ ਦੇ ਕੌਮਾਂਤਰੀ ਕ੍ਰਿਕਟ ‘ਚ ਆਪਣਾ 300ਵਾਂ ਵਿਕਟ ਲੈਂਦੇ ਹੋਏ ਇਤਿਹਾਸ ਰਚ ਦਿੱਤਾ। ਪੈਰੀ ਕੌਮਾਂਤਰੀ ਕ੍ਰਿਕਟ ‘ਚ 5, 000 ਦੌੜਾਂ ਤੇ 300 ਵਿਕਟਾਂ ਲੈਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ ਹੈ।
ਕਵੀਨਜ਼ਲੈਂਡ ਦੇ ਕੈਰਾਰਾ ਓਵਲ ‘ਚ ਭਾਰਤ ਖ਼ਿਲਾਫ਼ ਚੱਲ ਰਹੇ ਪਿੰਕ ਬਾਲ ਟੈੱਸਟ ਦੇ 143ਵੇਂ ਓਵਰ ‘ਚ ਪੂਜਾ ਵਸਤ੍ਰਾਕਰ ਨੂੰ ਆਊਟ ਕਰਦੇ ਹੋਏ 30 ਸਾਲਾ ਆਸਟਰੇਲੀਆਈ ਕ੍ਰਿਕਟਰ ਨੇ ਇਹ ਉਪਲਬਧੀ ਹਾਸਿਲ ਕੀਤੀ। ਟੈਸਟਾਂ ‘ਚ ਪੈਰੀ ਦੀਆਂ 8 ਮੈਚਾਂ ‘ਚ 624 ਦੌੜਾਂ ਅਤੇ 31 ਵਿਕਟਾਂ ਹਨ। ਵਨ-ਡੇ ਮੈਚਾਂ ‘ਚ ਪੈਰੀ ਦੇ ਨਾਂ 152 ਵਿਕਟਾਂ ਦੇ ਨਾਲ 3, 135 ਦੌੜਾਂ ਹਨ ਜਦਕਿ ਕ੍ਰਿਕਟ ਦੇ ਸਭ ਤੋਂ ਛੋਟੇ ਫ਼ੌਰਮੈਟ (T-20 ਕੌਮਾਂਤਰੀ) ‘ਚ ਇਸ ਆਲਰਾਊਂਡਰ ਦੇ ਨਾਂ 115 ਵਿਕਟਾਂ ਦੇ ਨਾਲ 1, 243 ਦੌੜਾਂ ਹਨ।
ਮਿਤਾਲੀ ਰਾਜ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਪਿੰਕ ਬਾਲ ਟੈੱਸਟ ‘ਚ ਹਾਂ-ਪੱਖੀ ਖੇਡ ਦਿਖਾਇਆ ਅਤੇ 8 ਵਿਕਟਾਂ ਦੇ ਨੁਕਸਾਨ ‘ਤੇ 377 ਦੌੜਾਂ ‘ਤੇ ਪਾਰੀ ਐਲਾਨੀ। ਭਾਰਤੀ ਟੀਮ ਵਲੋਂ ਸਮ੍ਰਿਤੀ ਮੰਧਾਨਾ ਨੇ ਸੈਂਕੜੇ ਵਾਲੀ ਅਤੇ ਦੀਪਤੀ ਸ਼ਰਮਾ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਆਸਟਰੇਲੀਆ ਵਲੋਂ ਪੈਰੀ, ਸਟੈਲਾ ਕੈਂਪਬਲ ਅਤੇ ਮੋਲਿਨੇਕਸ ਨੇ ਕ੍ਰਮਵਾਰ 46, 47 ਅਤੇ 45 ਦੌੜਾਂ ਦੇ ਕੇ 2-2 ਵਿਕਟਾਂ ਆਪਣੇ ਨਾਂ ਕੀਤੀਆਂ।