ਲੰਘੇ ਸ਼ੁੱਕਰਵਾਰ ਦੁਨੀਆਂ ਭਰ ‘ਚ ਰਿਲੀਜ ਹੋਈ ਪੰਜਾਬੀ ਫ਼ਿਲਮ ਚੱਲ ਮੇਰਾ ਪੁੱਤ 3 ਨੇ ਕਾਮਯਾਬੀ ਦੇ ਝੰਡੇ ਗੱਡ ਦਿੱਤੇ ਹਨ। ਫ਼ਿਲਮ ਨੇ ਇੰਗਲੈਂਡ ਅਤੇ ਨਾਰਥ ਅਮਰੀਕਾ ‘ਚ ਸਭ ਤੋਂ ਵੱਡੀ ਓਪਨਿੰਗ ਵਾਲੀ ਪੰਜਾਬੀ ਫ਼ਿਲਮ ਦਾ ਰਿਕਾਰਡ ਕਾਇਮ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਚੱਲ ਮੇਰਾ ਪੁੱਤ 3 ਤੋਂ ਕੁੱਝ ਦਿਨ ਪਹਿਲਾਂ ਹੀ ਚੱਲ ਮੇਰਾ ਪੁੱਤ 2 ਰਿਲੀਜ਼ ਹੋਈ ਸੀ ਜਿਸ ਨੂੰ ਜਬਰਦਸਤ ਸਫ਼ਲਤਾ ਮਿਲੀ। ਚੱਲ ਮੇਰਾ ਪੁੱਤ 3 ਨੇ ਜਿਸ ਤਰ੍ਹਾਂ ਇੰਗਲੈਂਡ ਅਤੇ ਨੌਰਥ ਅਮੈਰੀਕਾ ‘ਚ ਕਮਾਈ ਦੇ ਮਾਮਲੇ ‘ਚ ਸ਼ੁੱਕਰਵਾਰ ਭਾਵ ਪਹਿਲੇ ਦਿਨ ਹੀ ਜੋ ਇਤਿਹਾਸ ਸਿਰਜਿਆ ਹੈ, ਉਹ ਪੰਜਾਬੀ ਸਿਨੇਮੇ ਲਈ ਮਾਣ ਵਾਲੀ ਗੱਲ ਹੈ।
ਚੱਲ ਮੇਰਾ ਪੁੱਤ 3 ‘ਚ ਦਰਸ਼ਕ ਜਿਥੇ ਅਮਰਿੰਦਰ ਗਿੱਲ ਅਤੇ ਸਿੰਮੀ ਚਹਿਲ ਦੀ ਜੋੜੀ ਦੀ ਸਿਫ਼ਤ ਕਰ ਰਹੇ ਹਨ, ਉਥੇ ਇਫ਼ਤਿਖ਼ਾਰ ਠਾਕੁਰ, ਨਾਸਿਰ ਚੁਨੌਟੀ, ਅਮਾਨਤ ਚੰਨ, ਅਕਰਮ ਉਦਾਸ, ਜਾਫ਼ਰੀ ਖਖ਼ਾਨ, ਸੱਜਨ ਅੱਬਾਸ, ਹਰਦੀਪ ਗਿੱਲ, ਗੁਰਸ਼ਬਦ ਅਤੇ ਰੂਬੀ ਅਨੁਮ ਦੇ ਕਿਰਦਾਰਾਂ ਦੀ ਬੱਲੇ-ਬੱਲੇ ਹੋ ਰਹੀ ਹੈ। ਫ਼ਿਲਮ ਦੇ ਪ੍ਰੋਡਿਊਸਰਜ਼ ਕਾਰਜ ਗਿੱਲ ਅਤੇ ਆਸ਼ੂ ਮੁਨੀਸ਼ ਸਾਹਨੀ ਹਨ। ਸਿਨੇਮੇ ‘ਚੋਂ ਬਾਹਰ ਨਿਕਲਦਾ ਹਰ ਦਰਸ਼ਕ ਫ਼ਿਲਮ ਦੀ ਦਾਦ ਦੇ ਰਿਹਾ ਹੈ। ਚੱਲ ਮੇਰਾ ਪੁੱਤ 3 ਦੇਖ ਕੇ ਮੇਰਾ ਹਾਸਾ ਨਹੀਂ ਰੁਕ ਰਿਹਾ। ਫ਼ਿਲਮ ‘ਚ ਦੋਹਾਂ ਪੰਜਾਬਾਂ ਦੇ ਕਲਾਕਾਰਾਂ ਨੇ ਜਿਹੜਾ ਰੰਗ ਬੰਨ੍ਹਿਆ, ਉਹ ਕਮਾਲ ਹੈ। ਜੋ ਸੁਨੇਹਾ ਅਮਰਿੰਦਰ ਗਿੱਲ ਦੀਆਂ ਫ਼ਿਲਮਾਂ ਤੋਂ ਮਿਲਦਾ ਹੈ, ਉਹ ਹੋਰ ਕਿਤੇ ਨਹੀਂ ਮਿਲਦਾ। ਇਹ ਕਹਿਣਾ ਹੈ ਜਲੰਧਰ ਦੇ ਇੱਕ ਸਿਨੇਮਾਘਰ ‘ਚੋਂ ਫ਼ਿਲਮ ਦੇਖ ਕੇ ਬਾਹਰ ਨਿਕਲ ਰਹੇ ਇੱਕ ਦਰਸ਼ਕ ਦਾ ਅਤੇ ਇਹ ਵਿਚਾਰ ਕਿਸੇ ਇੱਕ ਦਰਸ਼ਕ ਦੇ ਨਹੀਂ ਸਗੋਂ ਹਰ ਦਰਸ਼ਕ ਦੇ ਹਨ। ਜ਼ਿਕਰਯੋਗ ਹੈ ਕਿ ਅਮਰਿੰਦਰ ਗਿੱਲ ਦੀ ਫ਼ਿਲਮ ਚੱਲ ਮੇਰਾ ਪੁੱਤ ਦਾ ਤੀਜਾ ਭਾਗ ਪਹਿਲੀ ਅਕਤੂਬਰ ਨੂੰ ਦੁਨੀਆਂ ਭਰ ‘ਚ ਰਿਲੀਜ਼ ਹੋਇਆ ਅਤੇ ਹਰ ਥਾਂ ਤੋਂ ਸਿਨੇਮਾਘਰ ਭਰਨ ਦੀਆਂ ਖ਼ਬਰਾਂ ਆ ਰਹੀਆਂ ਹਨ। ਦਰਸ਼ਕਾਂ ਦਾ ਅਮਰਿੰਦਰ ਗਿੱਲ ਦੀਆਂ ਫ਼ਿਲਮਾਂ ਪ੍ਰਤੀ ਇੰਨਾ ਪਿਆਰ ਸਾਬਿਤ ਕਰਦਾ ਹੈ ਕਿ ਉਸ ਦੀਆਂ ਫ਼ਿਲਮਾਂ ਪ੍ਰਤੀ ਦਰਸ਼ਕਾਂ ਦਾ ਜੋ ਭਰੋਸਾ ਬਣਿਆ ਹੈ, ਉਹ ਕਦੇ ਤਿੜਕਿਆ ਨਹੀਂ।
ਫ਼ਿਲਮ ਦਾ ਨਿਰਦੇਸ਼ਨ ਜਨਜੋਤ ਸਿੰਘ ਨੇ ਕੀਤਾ ਹੈ ਅਤੇ ਇਸ ਦੀ ਕਹਾਣੀ ਨੂੰ ਲਿਖਿਆ ਰਾਕੇਸ਼ ਧਵਨ ਨੇ ਹੈ। ਪ੍ਰੋਡਿਊਸਰਜ਼ ਕਾਰਜ ਗਿੱਲ ਅਤੇ ਆਸ਼ੂ ਮੁਨੀਸ਼ ਸਾਹਨੀ ਹਨ। ਦਰਸ਼ਕਾਂ ਦਾ ਕਹਿਣਾ ਹੈ ਕਿ ਪੰਜਾਬੀ ਸਿਨੇਮੇ ‘ਚ ਚੜ੍ਹਦੇ ਪੰਜਾਬ ਦੇ ਅਮਰਿੰਦਰ ਗਿੱਲ ਵਰਗੇ ਫ਼ਨਕਾਰ ਅਤੇ ਲਹਿੰਦੇ ਪੰਜਾਬ ਦੇ ਉਹ ਹਾਸ ਕਲਾਕਾਰਾਂ, ਜਿਨ੍ਹਾਂ ਦੀ ਕੱਲ੍ਹੀ-ਕੱਲ੍ਹੀ ਮੂੰਹ ‘ਤੇ ਹਾਸਾ ਡੁੱਲ੍ਹ-ਡੁੱਲ੍ਹ ਪੈਂਦਾ ਹੈ, ਨੂੰ ਇਕੋ ਫ਼ਰੇਮ ‘ਚ ਦੇਖਣਾ ਉਨ੍ਹਾਂ ਲਈ ਸੁਖਦ ਅਹਿਸਾਸ ਵਾਲੀ ਗੱਲ ਹੈ। ਸਿਨੇਮਾ ਪ੍ਰੇਮੀਆਂ ਦਾ ਮੰਨਣਾ ਹੈ ਕਿ ਹਾਸੇ-ਠੱਠੇ ਦੇ ਨਾਲ-ਨਾਲ ਅੰਤ ਤਕ ਇੱਕ ਸੁਨੇਹਾ ਸੰਭਾਲ ਕੇ ਰੱਖਣਾ ਅਮਰਿੰਦਰ ਗਿੱਲ ਦੀਆਂ ਫ਼ਿਲਮਾਂ ‘ਚ ਹੀ ਹੁੰਦਾ ਹੈ। ਜ਼ਿਕਰਯੋਗ ਹੈ ਕਿ ਚੱਲ ਮੇਰਾ ਪੁੱਤ 3 ਦੁਨੀਆਂ ਭਰ ‘ਚ ਇੱਕੋ ਵੇਲ਼ੇ ਰਿਲੀਜ਼ ਹੋਈ ਹੈ ਜਿਸ ਨੂੰ ਦੁਨੀਆਂ ਭਰ ‘ਚ ਵਸਦੇ ਪੰਜਾਬੀਆਂ ਵੱਲੋਂ ਮਣਾਂ-ਮੂੰਹੀਂ ਪਿਆਰ ਦਿੱਤਾ ਜਾ ਰਿਹਾ ਹੈ। ਪ੍ਰਵਾਸ, ਚੰਗੇ ਭਵਿੱਖ ਦੀ ਆਸ, ਆਪਣਿਆਂ ਪ੍ਰਤੀ ਮੋਹ ਦੀ ਭਾਵਨਾ ਅਤੇ ਜ਼ਿੰਦਗੀ ‘ਚ ਕੁੱਝ ਕਰ ਦਿਖਾਉਣ ਦੇ ਸੁਪਨੇ ਦਾ ਨਾਂ ਹੈ ਚੱਲ ਮੇਰਾ ਪੁੱਤ ਦਾ ਤਸੀਰਾ ਭਾਗ।