ਚੰਡੀਗੜ੍ਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧੜ੍ਹੇ ਨਾਲ ਸਬੰਧਤ ਨੇਤਾਵਾਂ ਨੇ ਹੁਣ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਹੋਰ ਕੇਂਦਰੀ ਮੰਤਰੀਆਂ ਨਾਲ ਮੁਲਾਕਾਤਾਂ ’ਤੇ ਸਵਾਲ ਚੁੱਕੇ ਹਨ। ਅਮਰਿੰਦਰ ਨੂੰ ਤਬਦੀਲ ਕਰਨ ਵੇਲੇ ਵਿਰੋਧੀ ਧੜ੍ਹੇ ਨੇ ਇਕ ਵੱਡਾ ਦੋਸ਼ ਇਹ ਲਾਇਆ ਸੀ ਕਿ ਕੈਪਟਨ ਦੀਆਂ ਭਾਜਪਾ ਦੇ ਨੇਤਾਵਾਂ ਨਾਲ ਨਜ਼ਦੀਕੀਆਂ ਹਨ। ਉਹ ਕੈਪਟਨ ਦੀਆਂ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਤੇ ਹੋਰ ਕੇਂਦਰੀ ਮੰਤਰੀਆਂ ਨਾਲ ਮੁਲਾਕਾਤਾਂ ’ਤੇ ਸਵਾਲ ਚੁੱਕ ਰਹੇ ਸਨ, ਜਦੋਂਕਿ ਕੈਪਟਨ ਧੜ੍ਹੇ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਹੋਣ ਦੇ ਨਾਤੇ ਪੰਜਾਬ ਨਾਲ ਸਬੰਧਤ ਮੁੱਦਿਆਂ ਨੂੰ ਚੁੱਕਣ ਲਈ ਉਨ੍ਹਾਂ ਨੂੰ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਤੇ ਹੋਰ ਕੇਂਦਰੀ ਮੰਤਰੀਆਂ ਨੂੰ ਮਿਲਣਾ ਪੈਂਦਾ ਹੈ। ਜੇ ਉਹ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਨਹੀਂ ਕਰਦੇ ਤਾਂ ਇਸ ਨਾਲ ਸੂਬੇ ਨੂੰ ਕੇਂਦਰ ਤੋਂ ਮਿਲਣ ਵਾਲੀਆਂ ਗ੍ਰਾਂਟਾਂ ’ਤੇ ਅਸਰ ਪੈ ਸਕਦਾ ਹੈ।
ਹੁਣ ਅਮਰਿੰਦਰ ਧੜ੍ਹਾ ਕਹਿ ਰਿਹਾ ਹੈ ਕਿ ਚਰਨਜੀਤ ਸਿੰਘ ਚੰਨੀ ਵੀ ਮੁੱਖ ਮੰਤਰੀ ਹੋਣ ਦੇ ਨਾਤੇ ’ਤੇ ਪ੍ਰਧਾਨ ਮੰਤਰੀ ਨੂੰ ਮਿਲੇ ਹਨ ਅਤੇ ਕਿਸਾਨਾਂ ਦਾ ਮਾਮਲਾ ਚੁੱਕਿਆ ਹੈ। ਉਸ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਤਾਂ ਭਾਜਪਾ ਤੇ ਪ੍ਰਧਾਨ ਮੰਤਰੀ ਖ਼ਿਲਾਫ਼ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਬੋਲਦੇ ਰਹੇ ਹਨ। ਇਹੀ ਕੰਮ ਹੁਣ ਚੰਨੀ ਨੇ ਕੀਤਾ ਹੈ। ਇਸ ਲਈ ਸਿਆਸੀ ਮੰਦ-ਭਾਵਨਾ ਅਤੇ ਕੇਂਦਰੀ ਲੀਡਰਸ਼ਿਪ ਨੂੰ ਗੁੰਮਰਾਹ ਕਰਨ ਦੇ ਉਦੇਸ਼ ਨਾਲ ਹੀ ਵਿਰੋਧੀ ਧੜ੍ਹੇ ਨੇ ਕੈਪਟਨ ਖ਼ਿਲਾਫ਼ ਗਲਤ ਪ੍ਰਚਾਰ ਕੀਤਾ ਸੀ।