ਨਵੀਂ ਦਿੱਲੀ- ਜੇਕਰ ਕਿਸੇ ਨੂੰ ਇਹ ਜਾਣਨਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਾਪਣੀ ਸਰਕਾਰ ਕਿਵੇਂ ਚਲਾਉਂਦੇ ਹਨ ਤਾਂ ਉਸ ਨੂੰ ਉਨ੍ਹਾਂ ਦੀਅਾਂ ਕਲਾਸਾਂ ਵਿਚ ਜਾਣਾ ਪਵੇਗਾ। ਬੀਤੇ ਮਹੀਨੇ ਅਮਰੀਕਾ ਜਾਣ ਤੋਂ ਪਹਿਲਾਂ ਮੋਦੀ ਨੇ ਰਾਸ਼ਟਰਪਤੀ ਭਵਨ ਦੇ ਨਵੇਂ ਬਣੇ ਵਿਸ਼ਾਲ ਹਾਲ ਵਿਚ ਸਾਰੇ 70 ਸਕੱਤਰਾਂ ਅਤੇ ਸਟਾਫ ਦੇ ਮੁੱਖ ਅਧਿਅਾਪਕ ਦੇ ਰੂਪ ਵਿਚ 6 ਘੰਟੇ ਲੰਬੀ ਕਲਾਸ ਲਈ। ਉਨ੍ਹਾਂ ਇਹ ਹਾਲ ਇਸ ਲਈ ਚੁਣਿਅਾ ਤਾਂ ਜੋ ਕੋਈ ਅਧਿਕਾਰੀ ਜਾਂ ਕਰਮਚਾਰੀ ਇਸ ਕਲਾਸ ਵਿਚ ਥਾਂ ਦੀ ਕਮੀ ਹੋਣ ਕਾਰਨ ਬਾਹਰ ਨਾ ਰਹ ਜਾਵੇ। ਪ੍ਰਧਾਨ ਮੰਤਰੀ ਮੋਦੀ ਇਸ ਹਾਲ ਦਾ 2017 ਤੋਂ ਬਾਅਦ ਤੋਂ ਵਧ ਤੋਂ ਵਧ ਇਸਤੇਮਾਲ ਕਰ ਰਹੇ ਹਨ।
ਇਸ 6 ਘੰਟੇ ਲੰਬੀ ਕਲਾਸ ਵਿਚ ਬੁਲਾਏ ਗਏ ਸਾਰੇ ਸਕੱਤਰਾਂ ਤੋਂ ਮੋਦੀ ਨੇ ਵਾਰੀ-ਵਾਰੀ ਗੱਲ ਕੀਤੀ ਅਤੇ ਉਨ੍ਹਾਂ ਦੇ ਕੰਮਕਾਜ ਦੀ ਸਮੀਖਿਅਾ ਕੀਤੀ। ਇਹ ਬੀਤੇ 2 ਸਾਲਾਂ ਵਿਚ ਪਹਿਲੀ ਵਾਰ ਅਾਹਮਣੇ-ਸਾਹਮਣੇ ਦੀ ਬੈਠਕ ਸੀ, ਇਸ ਲਈ ਅਧਿਕਾਰੀ ਹੈਰਾਨ-ਪ੍ਰੇਸ਼ਾਨ ਸਨ। ਕੋਰੋਨਾ ਮਹਾਮਾਰੀ ਦੇ ਸਮੇਂ ਪ੍ਰਧਾਨ ਮੰਤਰੀ ਅਾਪਣੇ ਸਕੱਤਰਾਂ ਨਾਲ ਅਾਹਮਣੇ-ਸਾਹਮਣੇ ਦੀ ਕੋਈ ਵੀ ਬੈਠਕ ਨਹੀਂ ਕਰ ਸਕੇ ਸਨ। ਇਹ ਬੈਠਕ ਕੋਈ ਚਿੰਤਨ ਕੈਂਪ ਨਹੀਂ ਸੀ ਸਗੋਂ ਜਵਾਬਦੇਹੀ ਸੈਸ਼ਨ ਸੀ।
ਸਾਰੇ ਮੰਤਰਾਲਿਅਾਂ ਅਤੇ ਵਿਭਾਗਾਂ ਦੇ ਪ੍ਰਮੁੱਖ ਸਕੱਤਰਾਂ ਨੂੰ ਬੈਠਕ ‘ਚ ਇਹ ਰਿਪੋਰਟ ਕਾਰਡ ਤਿਅਾਰ ਕਰ ਕੇ ਲਿਅਾਉਣ ਲਈ ਕਿਹਾ ਗਿਅਾ ਸੀ ਕਿ ਉਨ੍ਹਾਂ ਨੇ ਅਾਪਣੇ ਅਹੁਦੇ ’ਤੇ ਰਹਿੰਦੇ ਹੋਏ ਕੀ-ਕੀ ਕੀਤਾ ਅਤੇ ਅਗਲੇ 100 ਦਿਨਾਂ ਵਿਚ ਉਹ ਕੀ ਕਰਨ ਦੀ ਯੋਜਨਾ ਰੱਖਦੇ ਹਨ। ਮੋਦੀ ਨੇ ਅਾਪਣੇ ਪ੍ਰਧਾਨ ਸਕੱਤਰ ਪੀ. ਕੇ. ਮਿਸ਼ਰਾ ਅਤੇ ਕੈਬਨਿਟ ਸਕੱਤਰ ਰਾਜੀਵ ਗੌਬਾ ਨੂੰ ਨਿਰਦੇਸ਼ ਦੇ ਕੇ ਬੈਠਕ ਵਿਚ ਅਾਉਣ ਵਾਲੇ ਹਰੇਕ ਸਕੱਤਰ ਦੇ ਪਿਛੋਕੜ, ਸੇਵਾ ਵਿਚ ਅਾਉਣ ਦੀ ਤਰੀਕ, ਸੇਵਾ ਮੁਕਤੀ ਦੀ ਤਰੀਕ ਅਤੇ ਉਨ੍ਹਾਂ ਹੁਣ ਤੱਕ ਕਿਹੜੇ-ਕਿਹੜੇ ਮੰਤਰਾਲਾ ਵਿਚ ਕੰਮ ਕੀਤਾ, ਇਸ ਦਾ ਪੂਰਾ ਵੇਰਵਾ ਤਿਅਾਰ ਕਰਵਾ ਲਿਆ ਸੀ।