ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲਖੀਮਪੁਰ ਖੀਰੀ ਪੀੜਤ ਪਰਿਵਾਰ ਦੇ ਮੈਂਬਰਾਂ ਨੂੰ ਮਿਲਣ ਜਾ ਰਹੀ ਪਾਰਟੀ ਦੀ ਉੱਤਰ ਪ੍ਰਦੇਸ਼ ਇੰਚਾਰਜ ਜਨਰਲ ਸਕੱਤਰ ਪ੍ਰਿੰਯਕਾ ਗਾਂਧੀ ਵਾਡਰਾ ਨੂੰ ਹਿਰਾਸਤ ’ਚ ਲਏ ਜਾਣ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਰਾਹੁਲ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਸੱਚੀ ਕਾਂਗਰਸੀ ਹੈ ਅਤੇ ਹੱਥਕੰਡਿਆਂ ਤੋਂ ਡਰਣ ਵਾਲੀ ਨਹੀਂ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਦੇ ਨਾਲ ਵਾਡਰਾ ਨੇ ਵੀ ਉਨ੍ਹਾਂ ਨੂੰ ਹਿਰਾਸਤ ’ਚ ਲਏ ਜਾਣ ਨੂੰ ਗੈਰ-ਕਾਨੂੰਨੀ ਦੱਸਿਆ ਅਤੇ ਲਖਨਊ ਦੀ ਯਾਤਰਾ ’ਤੇ ਆ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤਾ ਕਿ ਬਿਨਾਂ ਆਰਡਰ ਅਤੇ ਬਿਨਾਂ ਸ਼ਿਕਾਇਤ ਦੇ ਉਨ੍ਹਾਂ ਨੂੰ ਹਿਰਾਸਤ ’ਚ ਕਿਉਂ ਰੱਖਿਆ ਗਿਆ ਹੈ।
ਰਾਹੁਲ ਨੇ ਕਿਹਾ,‘‘ਜਿਸ ਨੂੰ ਹਿਰਾਸਤ ’ਚ ਰੱਖਿਆ ਹੈ, ਉਹ ਡਰਦੀ ਨਹੀਂ ਹੈ- ਸੱਚੀ ਕਾਂਗਰਸੀ ਹੈ, ਹਾਰ ਨਹੀਂ ਮੰਨੇਗੀ। ਸੱਤਿਆਗ੍ਰਹਿ ਰੁਕੇਗਾ ਨਹੀਂ।’’ ਪ੍ਰਿਯੰਕਾ ਨੇ ਕਿਹਾ,‘‘ਨਰਿੰਦਰ ਮੋਦੀ ਜੀ ਤੁਹਾਡੀ ਸਰਕਾਰ ਨੇ ਬਿਨਾਂ ਕਿਸੇ ਆਰਡਰ ਅਤੇ ਐੱਫ.ਆਈ.ਆਰ. ਦੇ ਮੈਨੂੰ ਪਿਛਲੇ 28 ਘੰਟਿਆਂ ਤੋਂ ਹਿਰਾਸਤ ’ਚ ਰੱਖਿਆ ਹੈ। ਅੰਨਦਾਤਾ ਨੂੰ ਕੁਚਲਣ ਵਾਲਾ ਇਹ ਵਿਅਕਤੀ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਹੋਇਆ। ਕਿਉਂ?’’