ਨਵੀਂ ਦਿੱਲੀ — ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ’ਚ ਹੋਈ ਹਿੰਸਾ ਨੂੰ ਲੈ ਕੇ ਵਿਰੋਧੀ ਦਲਾਂ ਦਾ ਗੁੱਸਾ ਯੋਗੀ ਸਰਕਾਰ ’ਤੇ ਫੁਟ ਪਿਆ ਹੈ। ਕੱਲ੍ਹ ਯਾਨੀ ਕਿ ਸੋਮਵਾਰ ਨੂੰ ਕਾਂਗਰਸ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਨਾਲ ਸੀਨੀਅਰ ਨੇਤਾ ਦੀਪੇਂਦਰ ਸਿੰਘ ਹੁੱਡਾ ਨੂੰ ਵੀ ਲਖੀਮਪੁਰ ਜਾਂਦੇ ਸਮੇਂ ਸੀਤਾਪੁਰ ’ਚ ਪੁਲਸ ਨੇ ਹਿਰਾਸਤ ਵਿਚ ਲਿਆ ਸੀ, ਜੋ ਅੱਜ ਵੀ ਕੈਦ ਵਿਚ ਹੀ ਹਨ।
ਹੁੱਡਾ ਨੇ ਇਸ ਬਾਬਤ ਟਵਿੱਟਰ ’ਤੇ ਲਿਖਿਆ ਕਿ ਅੱਜ 24 ਘੰਟੇ ਬੀਤ ਜਾਣ ਤੋਂ ਬਾਅਦ ਵੀ ਦੂਜੇ ਦਿਨ ਅਸੀਂ ਅਪਰਾਧੀਆਂ ਵਾਂਗ ਹਿਰਾਸਤ ਵਿਚ ਹਾਂ ਅਤੇ ਕਿਸਾਨਾਂ ਨੂੰ ਕੁਚਲਣ ਵਾਲੇ ਆਜ਼ਾਦ ਹਨ। ਲਖੀਮਪੁਰ ਦੀ ਧਰਤੀ ਕਿਸਾਨਾਂ ਦੇ ਖ਼ੂਨ ਨਾਲ ਲਾਲ ਕਰ ਦਿੱਤੀ ਗਈ ਪਰ ਇਸ ਖ਼ੂਨ ਦੀ ਇਕ-ਇਕ ਬੂੰਦ ਆਉਣ ਵਾਲੀ ਕ੍ਰਾਂਤੀ ਦੀ ਕਹਾਣੀ ਲਿਖੇਗੀ।
ਦੱਸਣਯੋਗ ਹੈ ਕਿ ਦੀਪੇਂਦਰ ਹੁੱਡਾ, ਪਾਰਟੀ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਵਾਡਰਾ ਸਮੇਤ ਕਾਂਗਰਸ ਦੇ ਉਨ੍ਹਾਂ 4 ਨੇਤਾਵਾਂ ’ਚ ਸ਼ਾਮਲ ਹਨ, ਜਿਨ੍ਹਾਂ ਨੂੰ ਲਖੀਮਪੁਰ ਖੀਰੀ ’ਚ ਕਿਸਾਨਾਂ ਨੂੰ ਮਿਲਣ ਜਾਣ ਦੌਰਾਨ ਸੀਤਾਪੁਰ ’ਚ ਹਿਰਾਸਤ ਵਿਚ ਲਿਆ ਗਿਆ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਲਈ ਚੰਗਾ ਕੰਮ ਕੀਤਾ ਹੁੰਦਾ, ਤਾਂ ਉਨ੍ਹਾਂ ਨੂੰ ਸੜਕਾਂ ’ਤੇ ਵਿਰੋਧ ਪ੍ਰਦਰਸ਼ਨ ਨਾ ਕਰਨਾ ਪੈਂਦਾ।