ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਮੰਗਲਵਾਰ ਨੂੰ ਪੰਜਾਬ ਦੇ 6 ਹਜ਼ਾਰ ਕਰੋੜ ਦੇ ਡਰੱਗ ਰੈਕਟ ਮਾਮਲੇ ਦੀ ਜਲਦੀ ਸੁਣਵਾਈ ਵਾਲੀ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 13 ਅਕਤੂਬਰ ਨੂੰ ਹੋਣ ਜਾ ਰਹੀ ਹੈ। ਪਹਿਲਾਂ ਇਸ ਮਾਮਲੇ ਦੀ ਸੁਣਵਾਈ ਨਵੰਬਰ ‘ਚ ਤੈਅ ਕੀਤੀ ਗਈ ਸੀ।
ਇਸ ਕੇਸ ਦੀ ਜਲਦੀ ਸੁਣਵਾਈ ਸਬੰਧੀ ਵਕੀਲ ਨਵਕਿਰਣ ਸਿੰਘ ਨੇ ਪਟੀਸ਼ਨ ਦਾਖ਼ਲ ਕੀਤੀ ਸੀ। ਇਸ ਮਾਮਲੇ ਦੀ ਸੁਣਵਾਈ ਜਸਟਿਸ ਏ. ਐੱਸ. ਮਸੀਹ ‘ਤੇ ਆਧਾਰਿਤ ਬੈਂਚ ਵੱਲੋਂ ਕੀਤੀ ਜਾਵੇਗੀ। ਇਸ ਸੁਣਵਾਈ ਦੌਰਾਨ ਐਸ. ਟੀ. ਐੱਫ. ਦੀ ਸੀਲਬੰਦ ਰਿਪੋਰਟ ਖੁੱਲ੍ਹਣ ਦੀ ਵੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।
ਦੱਸਣਯੋਗ ਹੈ ਕਿ ਮੰਗਲਵਾਰ ਸਵੇਰੇ ਇਸ ਮਾਮਲੇ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਟਵੀਟ ਕਰਕੇ ਕਿਹਾ ਸੀ ਕਿ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦੀ ਰਿਪੋਰਟ ਕਰੀਬ ਢਾਈ ਸਾਲ ਸੀਲਬੰਦ ਰਹਿਣ ਤੋਂ ਬਾਅਦ ਖੁੱਲ੍ਹਣ ਜਾ ਰਹੀ ਹੈ।
ਉਨ੍ਹਾਂ ਕਿਹਾ ਸੀ ਕਿ ਇਹ ਰਿਪੋਰਟ ਨਸ਼ੇ ਦੇ ਕਾਰੋਬਾਰੀਆਂ ਦਾ ਭੇਤ ਖੋਲ੍ਹੇਗੀ। ਨਵਜੋਤ ਸਿੱਧੂ ਨੇ ਕਿਹਾ ਸੀ ਕਿ ਅਦਾਲਤ ਵੱਲੋਂ ਨਸ਼ਾ ਕਾਰੋਬਾਰੀਆਂ ਦੇ ਨਾਂ ਨਸ਼ਰ ਕਰਨ ‘ਤੇ ਇਹ ਪੰਜਾਬ ਦੀ ਪੀੜਤ ਜਵਾਨੀ ਅਤੇ ਦੁਖੀ ਮਾਵਾਂ ਦੀ ਪਹਿਲੀ ਜਿੱਤ ਹੋਵੇਗੀ।