ਨਵੀਂ ਦਿੱਲੀ – ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸੋਮਵਾਰ ਨੂੰ ਡਰੋਨ ਰਾਹੀਂ ਪੂਰਬ-ਉੱਤਰ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਕੋਵਿਡ-19 ਟੀਕੇ ਦੀ ਸਪਲਾਈ ਦੀ ਸਹੂਲਤ ਲਈ ਇਕ ਪਹਿਲ ਸ਼ੁਰੂ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਆਈ. ਸੀ. ਐੱਮ. ਆਰ. ਦਾ ਡਰੋਨ ਰਿਸਪਾਂਸ ਐਂਡ ਆਊਟਰੀਚ ਇਨ ਨਾਰਥ ਈਸਟ (ਆਈ-ਡਰੋਨ) ਇਹ ਯਕੀਨੀ ਬਣਾਉਣ ਲਈ ਇਕ ਸਪਲਾਈ ਮਾਡਲ ਹੈ ਕਿ ਜੀਵਨ ਰੱਖਿਅਕ ਕੋਵਿਡ ਟੀਕੇ ਸਾਰਿਆਂ ਤੱਕ ਪੁੱਜਣ। ਇਹ ਹੈਲਥ ’ਚ ‘ਅੰਤਯੋਦਯ’ ਪ੍ਰਤੀ ਸਰਕਾਰ ਦੀ ਵਚਨਬੱਧਤਾ ਅਨੁਸਾਰ ਹੈ, ਜਿਸ ਦਾ ਮਕਸਦ ਦੇਸ਼ ਦੇ ਆਖਰੀ ਵਿਅਕਤੀ ਤੱਕ ਸਿਹਤ ਸਹੂਲਤ ਪੁੰਚਾਉਣਾ ਹੈ।
ਮਾਂਡਵੀਆ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਦੱਖਣੀ ਏਸ਼ੀਆ ’ਚ ‘ਮੇਕ ਇਨ ਇੰਡੀਆ’ ਡਰੋਨ ਦੀ ਵਰਤੋਂ ਕੋਵਿਡ-19 ਨੂੰ 15 ਿਕਲੋਮੀਟਰ ਦੀ ਹਵਾਈ ਦੂਰੀ ’ਤੇ ਸਥਿਤ ਜਗ੍ਹਾ ’ਤੇ 12-15 ਮਿੰਟ ਵਿਚ ਪਹੁੰਚਾਉਣ ਲਈ ਕੀਤਾ ਗਿਆ। ਇਨ੍ਹਾਂ ਟੀਕਿਆਂ ਨੂੰ ਪੀ. ਐੱਚ. ਸੀ. ਵਿਚ ਕੈਂਡੀਡੇਟਾਂ ਨੂੰ ਲਗਾਏ ਜਾਣ ਲਈ ਮਣੀਪੁਰ ਵਿਚ ਬਿਸ਼ਣੂਪੁਰ ਜ਼ਿਲ੍ਹਾ ਹਸਪਤਾਲ ਤੋਂ ਲੋਕਟਾਕ ਝੀਲ, ਕਾਰੰਗ ਦੀਪ ਪਹੁੰਚਾਇਆ ਗਿਆ। ਮਾਂਡਵੀਆ ਨੇ ਕਿਹਾ ਕਿ ਇਨ੍ਹਾਂ ਥਾਵਾਂ ਦਰਮਿਆਨ ਸੜਕ ਮਾਰਗ ਤੋਂ ਅਸਲੀ ਦੂਰੀ 26 ਕਿਲੋਮੀਟਰ ਹੈ। ਅੱਜ ਪੀ. ਐੱਚ. ਸੀ. ਵਿਚ 10 ਕੈਂਡੀਡੇਟਾਂ ਨੂੰ ਪਹਿਲੀ ਖੁਰਾਕ ਅਤੇ 8 ਨੂੰ ਦੂਜੀ ਖੁਰਾਕ ਮਿਲੇਗੀ।