ਅੰਮ੍ਰਿਤਸਰ : 2022 ਦੀਆਂ ਚੋਣਾਂ ਤੋਂ ਪਹਿਲਾਂ ਨਵਜੋਤ ਸਿੱਧੂ ਦੀ ਧੀ ਰਾਬੀਆ ਸਿੱਧੂ ਵੀ ਸਰਗਰਮ ਹੁੰਦੀ ਨਜ਼ਰ ਆ ਰਹੀ ਹੈ। ਅੰਮ੍ਰਿਤਸਰ ਵਿਚ ਇਕ ਪ੍ਰੋਗਰਾਮ ’ਚ ਸ਼ਿਰਕਤ ਕਰਨ ਪਹੁੰਚੀ ਰਾਬੀਆ ਸਿੱਧੂ ਤੋਂ ਜਦੋਂ ਪੱਤਰਕਾਰਾਂ ਨੇ ਇਹ ਪੁੱਛਿਆ ਕਿ ਕੀ ਤੁਹਾਡਾ ਸਿਆਸਤ ਵਿਚ ਆਗਾਜ਼ ਹੋ ਚੁੱਕਾ ਹੈ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਉਨ੍ਹਾਂ ਦਾ ਸਿਆਸਤ ਵਿਚ ਆਉਣ ਦਾ ਕੋਈ ਇਰਾਦਾ ਨਹੀਂ ਹੈ ਅਤੇ ਅੱਜ ਉਹ ਆਪਣੀ ਮਾਂ ਨਵਜੋਤ ਕੌਰ ਸਿੱਧੂ ਦੀ ਥਾਂ ਇਸ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਪਹੁੰਚੇ ਹੋਏ ਹਨ। ਹਾਂ ਉਨ੍ਹਾਂ ਗੱਲਾਂ-ਗੱਲਾਂ ਵਿਚ ਇੰਨਾ ਜ਼ਰੂਰ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਕੁੱਝ ਵੀ ਹੋ ਸਕਦਾ ਹੈ। ਇਸ ਦੌਰਾਨ ਜਦੋਂ ਰਾਬੀਆ ਤੋਂ ਪਿਤਾ ਨਵਜੋਤ ਸਿੱਧੂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਪੰਜਾਬ ਪ੍ਰਤੀ ਆਪਣੇ ਏਜੰਡੇ ’ਤੇ ਕਾਇਮ ਹਨ ਅਤੇ ਉਹ ਆਪਣੇ ਪਿਤਾ ਦੇ ਨਾਲ ਹਨ।
ਦੱਸਣਯੋਗ ਹੈ ਕਿ ਭਾਵੇਂ ਰਾਬੀਆ ਸਿੱਧੂ ਨੇ ਫਿਲਹਾਲ ਸਿਆਸਤ ਵਿਚ ਆਉਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ ਪਰ ਚੋਣਾਂ ਤੋਂ ਕੁੱਝ ਮਹੀਨੇ ਪਹਿਲਾਂ ਉਨ੍ਹਾਂ ਵਲੋਂ ਆਪਣੇ ਪਿਤਾ ਦੇ ਹਲਕੇ ਵਿਚ ਸਰਗਰਮ ਹੋਣ ਨਾਲ ਸਿਆਸੀ ਗਲਿਆਰਿਆਂ ਵਿਚ ਕਈ ਚਰਚੇ ਛਿੜ ਗਏ ਹਨ।