ਪੰਡੋਰਾ ਪੇਪਰ ’ਚ ਪਕਿ ਦੇ PM ਇਮਰਾਨ ਖਾਨ ਦੇ ਕਰੀਬੀਆਂ ਸਮੇਤ 700 ਤੋਂ ਵੱਧ ਲੋਕਾਂ ਦੇ ਨਾਵਾਂ ਦਾ ਖ਼ੁਲਾਸਾ

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕਰੀਬੀ ਲੋਕਾਂ ਅਤੇ ਕੁੱਝ ਮੰਤਰੀਆਂ ਸਮੇਤ 700 ਤੋਂ ਜ਼ਿਆਦਾ ਲੋਕਾਂ ਦੇ ਨਾਮ ਪੰਡੋਰਾ ਪੇਪਰ ਮਾਮਲੇ ਵਿਚ ਸਾਹਮਣੇ ਆਏ ਹਨ। ਪੰਡੋਰਾ ਪੇਪਰ ਵਿਚ ਵਿਸ਼ਵ ਭਰ ਵਿਚ ਉਚ ਅਹੁਦਿਆਂ ’ਤੇ ਬੈਠੇ ਲੋਕਾਂ ਦੇ ਗੁਪਤ ਵਿੱਤੀ ਲੈਣ-ਦੇਣ ਦਾ ਖ਼ੁਲਾਸਾ ਕੀਤਾ ਗਿਆ ਹੈ।
ਜਿਓ ਨਿਊਜ਼ ਦੀ ਇਕ ਰਿਪੋਰਟ ਮੁਤਾਬਕ ਇੰਟਰਨੈਸ਼ਨਲ ਕੰਸੋਰਟੀਅਮ ਆਫ ਇਨਫੈਸਟੀਗੇਟਿਵ ਜਰਨਲਿਸਟਸ (ਆਈ.ਸੀ.ਆਈ.ਜੇ.) ਨੇ ਸ਼ਨੀਵਾਰ ਨੂੰ ‘ਪੰਡੋਰਾ ਪੇਪਰ’ ਦਾ ਖ਼ੁਲਾਸਾ ਕੀਤਾ, ਜਿਸ ਮੁਤਾਬਕ ਵਿੱਤ ਮੰਤਰੀ ਸ਼ੌਕਤ ਤਾਰਿਨ, ਜਲ ਸਰੋਤ ਮੰਤਰੀ ਮੂਨਿਸ ਇਲਾਹੀ, ਸੰਸਦ ਮੈਂਬਰ ਫੈਸਲ ਵਾਵੜਾ, ਉਦਯੋਗ ਅਤੇ ਉਤਪਾਦਨ ਮੰਤਰੀ ਖੁਸਰੋ ਬਖ਼ਤਿਆਰ ਦੇ ਪਰਿਵਾਰ ਸਮੇਤ ਹੋਰ ਲੋਕਾਂ ਦੇ ਵਿਦੇਸ਼ੀ ਕੰਪਨੀਆਂ ਨਾਲ ਲੈਣ-ਦੇਣ ਦੇ ਸਬੰਧ ਸਨ। ਇਸ ਮਾਮਲੇ ਵਿਚ ਕੁੱਝ ਸੇਵਾਮੁਕਤ ਫ਼ੌਜੀ ਅਧਿਕਾਰੀਆਂ, ਕਾਰੋਬਾਰੀਆਂ ਅਤੇ ਮੀਡੀਆ ਕੰਪਨੀ ਦੇ ਮਾਲਕਾਂ ਦੇ ਨਾਮ ਵੀ ਸਾਹਮਣੇ ਆਏ ਹਨ।