ਨਵੀਂ ਦਿੱਲੀ- ਭਾਰਤ ’ਚ ਕੋਰੋਨਾ ਰੋਕੂ ਟੀਕੇ ਦੀਆਂ ਹੁਣ ਤੱਕ 90 ਕਰੋੜ ਤੋਂ ਵੱਧ ਖ਼ੁਰਾਕਾਂ ਦਿੱਤੀਆਂ ਜਾ ਚੁਕੀਆਂ ਹਨ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਦੱਸਣਯੋਗ ਹੈ ਕਿ ਕੋਰੋਨਾ ਤੋਂ ਬਚਾਅ ਲਈ ਦੇਸ਼ਵਿਆਪੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ 16 ਜਨਵਰੀ ਨੂੰ ਸਿਹਤ ਕਰਮੀਆਂ ਨੂੰ ਟੀਕੇ ਦੀ ਖੁਰਾਕ ਦੇਣ ਦੇ ਨਾਲ ਹੋਈ ਸੀ, ਜਦੋਂ ਕਿ 2 ਫਰਵਰੀ ਤੋਂ ਪੇਸ਼ਗੀ ਮੋਰਚੇ ’ਤੇ ਤਾਇਨਾਤ ਕਰਮੀਆਂ ਦੇ ਟੀਕਾਕਰਨ ਦੀ ਸ਼ੁਰੂਆਤ ਕੀਤੀ ਗਈ।
ਮਾਂਡਵੀਆ ਨੇ ਟਵੀਟ ਕੀਤਾ,‘‘ਸ਼ਾਸਤਰੀ ਜੀ ਨੇ ਨਾਅਰਾ ਦਿੱਤਾ ਸੀ ‘ਜੈ ਜਵਾਨ-ਜੈ ਕਿਸਾਨ’। ਇਸ ਨਾਅਰੇ ’ਚ ਅਟਲ ਜੀ ਨੇ ‘ਜੈ ਵਿਗਿਆਨ’ ਜੋੜਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ‘ਜੈ ਅਨੁਸੰਧਾਨ’ ਦਾ ਨਾਅਰਾ ਕੀਤਾ। ਅੱਜ ਅਨੁਸੰਧਾਨ ਦਾ ਨਤੀਜਾ ਕੋਰੋਨਾ ਟੀਕਾ ਹੈ। ਜੈ ਅਨੁਸੰਧਾਨ।’’ ਦੱਸਣਯੋਗ ਹੈ ਕਿ ਕੋਰੋਨਾ ਟੀਕਾਕਰਨ ਦੇ ਅਗਲੇ ਪੜਾਅ ਦੀ ਸ਼ੁਰੂਆਤ ਇਕ ਮਾਰਚ ਨੂੰ ਹੋਈ, ਜਿਸ ਦੇ ਅਧੀਨ 60 ਸਾਲ ਤੋਂ ਉੱਪਰ ਅਤੇ ਗੰਭੀਰ ਬੀਮਾਰੀਆਂ ਤੋਂ ਪੀੜਤ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਟੀਕਾਕਰਨ ਦੀ ਸ਼ੁਰੂਆਤ ਕੀਤੀ ਗਈ। ਇਕ ਅਪ੍ਰੈਲ ਤੋਂ 45 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਲਈ ਟੀਕਾਕਰਨ ਮੁਹਿੰਮ ਸ਼ੁਰੂ ਹੋਈ, ਜਦੋਂ ਕਿ ਸਰਕਾਰ ਨੇ ਇਸ ਦਾ ਵਿਸਥਾਰ ਕਰਦੇ ਹੋਏ ਇਕ ਮਈ ਤੋਂ ਸਾਰੇ ਬਾਲਗਾਂ ਦੇ ਟੀਕਾਕਰਨ ਦੀ ਸ਼ੁਰੂਆਤ ਕੀਤੀ।