ਰੂਪਨਗਰ – ਪੰਜਾਬ ’ਚ ਝੋਨੇ ਦੀ ਖ਼ਰੀਦ ’ਚ ਹੋਈ ਦੇਰੀ ਨੂੰ ਲੈ ਕੇ ਕਿਸਾਨਾਂ ’ਚ ਰੋਹ ਵਧਿਆ ਹੋਇਆ ਹੈ। ਇਸੇ ਨੂੰ ਲੈ ਕੇ ਅੱਜ ਪੰਜਾਬ ’ਚ ਵੱਖ-ਵੱਖ ਜ਼ਿਲ੍ਹਿਆਂ ਵਿਚ ਵਿਧਾਇਕਾਂ ਦੀਆਂ ਕੋਠੀਆਂ ਦਾ ਘਿਰਾਓ ਕੀਤਾ ਜਾ ਰਿਹਾ ਹੈ। ਇਸੇ ਤਹਿਤ ਭਾਰਤੀ ਕਿਸਾਨ ਯੂਨੀਅਨ ਖੋਸਾ ਨੇ ਝੋਨੇ ਦੀ ਖ਼ਰੀਦ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੋਰਿੰਡਾ ਸਥਿਤ ਕੋਠੀ ’ਚ ਜਾਣ ਵਾਲੇ ਰਸਤੇ ’ਤੇ ਧਰਨਾ ਲਾਇਆ। ਕਿਸਾਨਾਂ ਵੱਲੋਂ ਚਰਨਜੀਤ ਸਿੰਘ ਚੰਨੀ ਦੀ ਕੋਠੀ ਦਾ ਘਿਰਾਓ ਕੀਤਾ ਜਾਣਾ ਸੀ, ਜਿਸ ਨੂੰ ਲੈ ਕੇ ਜਿਵੇਂ ਹੀ ਉਹ ਚੰਨੀ ਦੀ ਕੋਠੀ ਵੱਲ ਨੂੰ ਵਧੇ ਤਾਂ ਪੁਲਸ ਨੇ ਉਨ੍ਹਾਂ ਨੂੰ ਰੋਕ ਲਿਆ। ਇਸ ਦੌਰਾਨ ਪੁਲਸ ਅਤੇ ਕਿਸਾਨਾਂ ਵਿਚਾਲੇ ਬਹਿਸਬਾਜ਼ੀ ਵੀ ਹੋਈ।
ਮੌਕੇ ’ਤੇ ਮੌਜੂਦ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਧਰਨਾ ਪੰਜਾਬ ਸਰਕਾਰ ਦੇ ਖ਼ਿਲਾਫ਼ ਹੈ ਕਿਉਂਕਿ ਪੰਜਾਬ ਸਰਕਾਰ ਦੀਆਂ ਵੀ ਕੁਝ ਜ਼ਿੰਮੇਵਾਰੀਆਂ ਬਣਦੀਆਂ ਹਨ। ਮੰਡੀਆਂ ’ਚ ਤਿਆਰੀਆਂ ਕਰਨੀਆਂ ਹੁੰਦੀਆਂ ਹਨ, ਜੇਕਰ ਕੇਂਦਰ ਸਰਕਾਰ ਨੇ 11 ਅਕਤੂਬਰ ਦਾ ਸਮਾਂ ਦਿੱਤਾ ਹੈ ਤਾਂ ਪੰਜਾਬ ਸਰਕਾਰ ਨੂੰ ਚਾਹੀਦਾ ਸੀ ਕਿ ਅੱਜ ਤੋਂ ਹੀ ਕਿਸਾਨਾਂ ਦੀ ਫ਼ਸਲ ਨੂੰ ਬੋਰੀਆਂ ’ਚ ਭਰਨਾ ਸ਼ੁਰੂ ਕਰ ਲੈਂਦੀ ਅਤੇ ਕਿਸਾਨ ਦੀ ਫ਼ਸਲ ਦੀਆਂ ਮੰਡੀਆਂ ’ਚ ਸੰਭਾਲ ਤਾਂ ਕਰ ਲੈਂਦੀ।