ਲਖਨਊ – ਯੂ.ਪੀ. ਦੇ ਗੋਰਖਪੁਰ ਵਿੱਚ ਹੋਈ ਕਾਨਪੁਰ ਦੇ ਕਾਰੋਬਾਰੀ ਮਨੀਸ਼ ਗੁਪਤਾ ਦੀ ਸ਼ੱਕੀ ਮੌਤ ਦੇ ਮਾਮਲੇ ਵਿੱਚ ਯੋਗੀ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਸੂਬਾ ਸਰਕਾਰ ਨੇ ਮਾਮਲੇ ਦੀ ਸੀ.ਬੀ.ਆਈ. ਜਾਂਚ ਦੀ ਸਿਫਾਰਿਸ਼ ਕਰ ਦਿੱਤੀ ਹੈ। ਮਾਮਲੇ ਨੂੰ ਜਦੋਂ ਤੱਕ ਸੀ.ਬੀ.ਆਈ. ਟੇਕ ਓਵਰ ਨਹੀਂ ਕਰਦੀ ਹੈ, ਤੱਦ ਤੱਕ ਐੱਸ.ਆਈ.ਟੀ. ਜਾਂਚ ਨੂੰ ਅੱਗੇ ਵਧਾਏਗੀ।
ਦਰਅਸਲ, ਬੀਤੇ ਸੋਮਵਾਰ ਦੀ ਦੇਰ ਰਾਤ ਗੋਰਖਪੁਰ ਦੇ ਕ੍ਰਿਸ਼ਣਾ ਹੋਟਲ ਵਿੱਚ ਕਾਨਪੁਰ ਦੇ ਕਾਰੋਬਾਰੀ ਮਨੀਸ਼ ਗੁਪਤਾ ਆਪਣੇ ਦੋਸਤਾਂ ਨਾਲ ਠਹਿਰੇ ਹੋਏ ਸਨ। ਇਸ ਦੌਰਾਨ ਪੁਲਸ ਉਨ੍ਹਾਂ ਦੇ ਰੂਮ ਵਿੱਚ ਦਾਖਲ ਹੋਈ ਅਤੇ ਸਵਾਲ-ਜਵਾਬ ਕਰਨ ਲੱਗੀ। ਹੋਟਲ ਵਿੱਚ ਹੀ ਮਨੀਸ਼ ਗੁਪਤਾ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਜਿਸ ਦੇ ਚੱਲਦੇ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ‘ਤੇ ਮਾਮਲੇ ਦੀ ਜਾਂਚ ਦੌਰਾਨ ਪਰਦਾ ਪਾਉਣ ਦਾ ਵੀ ਦੋਸ਼ ਲਗਾਇਆ ਸੀ। ਜਦੋਂ ਪਰਿਵਾਰ ਵਾਲਿਆਂ ਨੇ ਪੁਲਸ ਵਾਲਿਆਂ ਖ਼ਿਲਾਫ਼ ਰਿਪੋਰਟ ਦਰਜ ਕਰਨ ਦਾ ਦਬਾਅ ਬਣਾਇਆ, ਤੱਦ ਪੁਲਸ ਵਾਲਿਆਂ ਨੂੰ ਸਸਪੈਂਡ ਕੀਤਾ ਗਿਆ।
ਪੂਰੇ ਮਾਮਲੇ ਵਿੱਚ ਪੁਲਸ ਦੀ ਭੂਮਿਕਾ ‘ਤੇ ਵੀ ਸਵਾਲ ਉਠ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਜਦੋਂ ਹੋਟਲ ਤੋਂ ਸਿਰਫ ਦੋ ਕਿਲੋਮੀਟਰ ਦੀ ਦੂਰੀ ‘ਤੇ ਹੀ ਹਸਪਤਾਲ ਸੀ ਤਾਂ ਮਨੀਸ਼ ਨੂੰ ਉੱਥੇ ਤੁਰੰਤ ਕਿਉਂ ਨਹੀਂ ਲੈ ਜਾਇਆ ਗਿਆ? ਇਸ ਤੋਂ ਇਲਾਵਾ, ਮਾਨਸੀ ਹਸਪਤਾਲ ਤੋਂ 13 ਕਿਲੋਮੀਟਰ ਦੀ ਦੂਰੀ ‘ਤੇ ਮੌਜੂਦ ਬੀ.ਆਰ.ਡੀ. ਮੈਡੀਕਲ ਕਾਲਜ ਪੁੱਜਣ ਵਿੱਚ ਪੁਲਸ ਨੇ ਦੋ ਘੰਟੇ ਦਾ ਸਮੇਂ ਕਿਵੇਂ ਲਗਾ ਦਿੱਤਾ। ਉਥੇ ਹੀ, ਪੁਲਸ ਨੇ ਘਟਨਾ ਦੇ ਸਮੇਂ ਦੇ ਸੀ.ਸੀ.ਟੀ.ਵੀ. ਫੁਟੇਜ ਵੀ ਆਪਣੇ ਕੋਲ ਰੱਖ ਲਏ।
ਮਨੀਸ਼ ਦੀ ਪਤਨੀ ਨੇ ਕੀਤੀ ਸੀ ਸੀ.ਬੀ.ਆਈ. ਜਾਂਚ ਦੀ ਮੰਗ
ਮਨੀਸ਼ ਗੁਪਤਾ ਦੀ ਪਤਨੀ ਮੀਨਾਕਸ਼ੀ ਨੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨਾਲ ਮੁਲਾਕਾਤ ਕਰਨ ਤੋਂ ਬਾਅਦ ਦੱਸਿਆ ਸੀ ਕਿ ਉਨ੍ਹਾਂ ਨੇ ਸੀ.ਬੀ.ਆਈ. ਵਲੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਸ ਤੋਂ ਬਾਅਦ ਸਰਕਾਰ ਨੇ ਹੁਣ ਕੇਂਦਰੀ ਏਜੰਸੀ ਨੂੰ ਜਾਂਚ ਕਰਵਾਉਣ ਦੀ ਸਿਫਾਰਿਸ਼ ਕਰ ਦਿੱਤੀ ਹੈ। ਉਥੇ ਹੀ, ਮਨੀਸ਼ ਦੀ ਪੋਸਟਮਾਰਟਮ ਰਿਪੋਰਟ ਵਿੱਚ ਵੀ ਪੁਲਸ ਦੀ ਬੇਰਹਿਮੀ ਦਾ ਖੁਲਾਸਾ ਹੋਇਆ ਸੀ। ਕਾਰੋਬਾਰੀ ਦੇ ਸਿਰ, ਚਿਹਰੇ ਅਤੇ ਸਰੀਰ ਦੇ ਹੋਰ ਹਿੱਸਿਆਂ ਵਿੱਚ ਗੰਭੀਰ ਸੱਟ ਦੇ ਨਿਸ਼ਾਨ ਪਾਏ ਗਏ। ਉਨ੍ਹਾਂ ਦੇ ਸਰੀਰ ‘ਤੇ ਗੰਭੀਰ ਸੱਟ ਦੇ ਕੁਲ ਚਾਰ ਨਿਸ਼ਾਨ ਮਿਲੇ ਸਨ।