ਨਿੰਦਰ ਘੁਗਿਆਣਵੀ

ਰਾਜਿਆ ਰਾਜ ਕਰੇਂਦਿਆ ਵੇ!
ਨਿੱਕੇ ਹੁੰਦੇ ਸਾਂ ਅਤੇ ਗਲੀ ਗੁਆਂਢ ‘ਚ ਵਿਆਹਾਂ ‘ਤੇ ਬੁੜ੍ਹੀਆਂ ਗੀਤ ਗਾਉਂਦੀਆਂ। ਮੁਢਲੇ ਬੋਲ ਹੁੰਦੇ:
ਰਾਜਿਆ ਰਾਜ ਕਰੇਂਦਿਆਂ
ਵੇ ਤੂੰ ਸਾਂਭ ਕੇ ਰੱਖੀਂ ਪੱਗ
ਜੇ ਤੂੰ ਨਾ ਸੰਭਲਿਆ ਰਾਜਿਆ
ਵੇ ਤੈਨੂੰ ਕਰੂ ਮਖੌਲਾਂ ਜਗ
ਭਾਵ ਬੜੇ ਸਿੱਧੇ ਸਪੱਸ਼ਟ ਹਨ ਇਸ ਲੋਕ ਗੀਤ ਦੇ ਬੋਲਾਂ ਦੇ ਜਿਸ ‘ਚ ਮਹਿਲਾਵਾਂ ਸਮੇਂ ਦੇ ਸ਼ਾਸ਼ਕ ਨੂੰ ਵਰਜ ਰਹੀਆਂ ਹਨ। ਉਸ ਸਲਾਹ ਦੇ ਰਹੀਆਂ ਹਨ ਕਿ ਜੇ ਤੂੰ ਆਪਣੀ ਪਗੜੀ ਨਾ ਸੰਭਾਲੀ ਤਾਂ ਜਗਤ ‘ਚ ਮਜ਼ਾਕ ਦਾ ਪਾਤਰ ਬਣ ਜਾਵੇਂਗਾ। ਸਿਆਣੇ ਸਾਸ਼ਕ ਹਮੇਸ਼ਾ ਆਪਣੇ ਨਾਲ ਸਿਆਣਪ ਵਾਲੇ ਸਲਾਹਕਾਰ ਰਖਦੇ ਰਹੇ ਸਨ, ਅਤੇ ਮੂਰਖਾਂ ਨਾਲ ਮੂਰਖ ਟੋਲੇ ਤੁਰੇ ਫ਼ਿਰਦੇ ਰਹਿੰਦੇ ਸਨ। ਉਨਾਂ ਦੀਆਂ ਪੁੱਠੀਆਂ ਸਲਾਹਾਂ ਸਾਸ਼ਕਾਂ ਨੂੰ ਮੂਧੇ ਮੂੰਹ ਮਾਰ ਧਰਦੀਆਂ ਸਨ, ਇਨਾਂ ਗੱਲਾਂ ਦਾ ਇਤਿਹਾਸ ਗਵਾਹ ਹੈ। ਰਾਜੇ ਅਕਬਰ ਦਾ ਸਲਾਹਕਾਰ ਬੀਰਬਲ ਬੜਾ ਚਰਚਿਤ ਸੀ ਅਤੇ ਸਿਆਣਾ ਵੀ ਬੜਾ ਸੀ। ਮਖੌਲੀ ਵੀ ਸੀ ਅਤੇ ਰਾਜੇ ਨੂੰ ਟਿੱਚਰਾਂ ਕਰਦਾ ਕਰਦਾ ਹੀ ਸਿਆਣੀ ਸਲਾਹ ਦੇ ਜਾਂਦਾ ਸੀ। ਉਹਨੇ ਸਮੇਂ ਸਮੇਂ ‘ਤੇ ਰਾਜਾ ਅਕਬਰ ਨੂੰ ਵਡੀਆਂ ਵਡੀਆਂ ਮੁਸੀਬਤਾਂ ‘ਚੋਂ ਨੇਕ ਸਲਾਹਾਂ ਦੇ ਕੇ ਕੱਢਿਆ। ਸੋ, ਅੱਜ ਡਾਇਰੀਨਾਮੇ ‘ਚ ਅਸੀਂ ਕੁੱਝ ਅਜਿਹੇ ਸਲਾਹਕਾਰਾਂ ਦੀਆਂ ਸਲਾਹਾਂ ਦੀਆਂ ਬਾਤਾਂ ਪਾਉਂਦੇ ਹਾਂ।
ਜੇ ਅੱਜ ਸਾਡੇ ਰਾਜੇ ਦੇ ਵੀ ਸਲਾਹਕਾਰ ਸੂਝ ਰਖਦੇ ਹੁੰਦੇ ਤਾਂ ਰਾਜਾ ਜੀ ਆਪਣੇ ਰਾਜ ਭਾਗ ਦਾ ਵੇਲਾ ਪੂਰਾ ਜ਼ਰੂਰ ਕਰਦੇ। ਰਾਜੇ ਦੇ ਸਲਾਹਕਾਰਾਂ ਬਾਰੇ ਮੀਡੀਆ ‘ਚ ਕਈ ਬੰਦਿਆਂ ਨੇ ਰਾਜੇ ਨੂੰ ਸਲਾਹਾਂ ਦਿੱਤੀਆਂ ਸਨ ਪਰ ਉਹ ਅਣਗੌਲੀਆਂ ਕਰ ਦਿਤੀਆਂ ਗਈਆਂ। ਇੱਕ ਸਿਆਣੇ ਬੰਦੇ ਨੇ ਰਾਜੇ ਨੂੰ ਇਹ ਸਲਾਹ ਵੀ ਦਿੱਤੀ ਸੀ ਕਿ ਜਿੰਨੇ ਜ਼ਿਆਦਾ ਸਲਾਹਕਾਰ ਹੋਣਗੇ, ਓਨੀਆਂ ਹੀ ਸਲਾਹਾਂ ਪਤਲੀਆਂ ਹੋਣਗੀਆਂ, ਵਜ਼ਨਦਾਰ ਗੱਲ ਕਰਨ ਵਾਲਾ ਤਾਂ ਇੱਕੋ ਬੰਦਾ ਈ ਕਾਫ਼ੀ ਹੁੰਦਾ ਹੈ।
***
ਮਹਾਰਾਜਾ ਪਟਿਆਲਾ ਦਾ ਵਿਭਾਗ
ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ ਨੂੰ ਕਿਸੇ ਨੇ ਸਿਆਣੀ ਸਲਾਹ ਦਿੱਤੀ ਸੀ ਕਿ ਪੰਜਾਬ ਦੀ ਮਾਂ ਬੋਲੀ ਪੰਜਾਬੀ ਦੇ ਵਿਕਾਸ ਅਤੇ ਪ੍ਰਚਾਰ ਲਈ ਪੰਜਾਬੀ ਮਹਿਕਮਾ ਸਥਾਪਿਤ ਕਰੋ, ਅਤੇ ਰਾਜੇ ਨੇ ਉਸ ਸਲਾਹ ਉੱਤੇ ਤੁਰੰਤ ਗ਼ੌਰ ਕਰਦਿਆਂ ਸੰਨ 1948 ‘ਚ ਮਹਿਕਮਾ ਪੰਜਾਬੀ ਬਣਾਇਆ ਅਤੇ ਕਿਲ੍ਹੇ ‘ਚ ਹੀ ਉਸ ਦਾ ਦਫ਼ਤਰ ਖੋਲ੍ਹ ਦਿੱਤਾ। ਬਾਅਦ ‘ਚ ਇਸ ਮਹਿਕਮੇ ਦਾ ਨਾਂ ਬਦਲ ਕੇ ਭਾਸ਼ਾ ਵਿਭਾਗ ਪੰਜਾਬ ਰੱਖਿਆ ਗਿਆ ਅਤੇ ਭਾਸ਼ਾ ਦੇ ਵਿਕਾਸ ਅਤੇ ਸੇਵਾ ਖ਼ਾਤਿਰ ਇਸ ਵਿਭਾਗ ਦੀਆਂ ਬਹੁਤ ਉਪਲਬਧੀਆਂ ਹਨ। ਇਸ ਵਿਭਾਗ ਦੇ ਬੜੇ ਬੜੇ ਮੰਤਰੀ ਬਣੇ। ਕਰੋੜਾਂ ਰੁਪੱਈਆ ਬਜਟ ਹੁੰਦਾ ਸੀ ਪਰ ਅੱਜਕੱਲ੍ਹ ਮਾਂ ਬੋਲੀ ਦੇ ਇਸ ਵਿਭਾਗ ਦੀ ਹਾਲਤ ਖ਼ਸਤਾ ਤੋਂ ਵੀ ਖ਼ਸਤਾ ਹੋ ਗਈ ਅਤੇ ਫ਼ੁੱਟੀ ਕੌਡੀ ਨਹੀਂ ਹੈ ਇਸ ਦੇ ਪੱਲੇ। ਸੱਤ ਸਾਲਾਂ ਤੋਂ ਸ਼ਰੋਮਣੀ ਲੇਖਕਾਂ ਨੂੰ ਦਿੱਤੇ ਜਾਣ ਵਾਲੇ ਪੁਰਸਕਾਰ ਬਕਾਇਆ ਪਏ ਹਨ, ਅਤੇ ਲੇਖਕ ਪੈਨਸ਼ਨ ਉਡੀਕ ਉਡੀਕ ਭੁੱਖੇ ਮਰ ਰਹੇ ਹਨ। ਜੇ ਕੋਈ ਸਿਆਣਾ ਸਲਾਹਕਾਰ ਕੈਪਟਨ ਅਮਰਿੰਦਰ ਸਿੰਘ ਦੇ ਨੇੜੇ ਬੈਠਾ ਹੋਇਆ ਉਨਾਂ ਦੇ ਕੰਨ ‘ਚ ਆਖ ਦਿੰਦਾ ਕਿ ਰਾਜਾ ਜੀ, ਆਪ ਜੀ ਦੇ ਪਿਤਾ ਵਲੋਂ ਰੱਖੀ ਨੀਂਹ ਵਾਲਾ ਵਿਭਾਗ ਖੁਰ ਭੁਰ ਰਿਹਾ ਹੈ ਅਤੇ ਮਾਂ ਬੋਲੀ ਦੀ ਦਿਨੋ ਦਿਨ ਦੁਰਦਸ਼ਾ ਵੇਖੋ ਕਿਵੇਂ ਹੋ ਰਹੀ ਹੈ, ਕੁਛ ਹੱਛਾ ਕਰ ਦਿਓ। ਰਾਜੇ ਨੇ ਅਮਲ ਕਰਨਾ ਸੀ ਸਲਾਹ ਉੱਤੇ ਪਰ ਕਿਸ ਨੂੰ ਸੁੱਝਣ ਇਹੋ ਜਿਹੀਆਂ ਸਲਾਹਾਂ? ਇਥੇ ਤਾਂ ਹੋਰ ਤਰਾਂ ਦੀਆਂ ਸਲਾਹਾਂ ਹੀ ਨਹੀਂ ਮੁੱਕਦੀਆਂ। ਇਹ ਅਹਿਮ ਸਵਾਲ ਹੈ ਸਾਡੇ ਸਭਨਾਂ ਅੱਗੇ।
ਸਾਡਾ ਲੇਖਕ ਰਾਜਾ
ਇਹ ਸਭ ਨੂੰ ਪਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਪਕਰਾਂਡ ਨੇਤਾ ਦੇ ਨਾਲ ਨਾਲ ਸੂਝਵਾਨ ਲੇਖਕ ਵੀ ਹਨ ਅਤੇ ਹੁਣ ਤੀਕ ਕਈ ਕਿਤਾਬਾਂ ਲਿਖ ਚੁੱਕੇ ਹਨ ਅਤੇ ਹਾਲੇ ਲਿਖ ਰਹੇ ਹਨ। ਉਨਾਂ ਵਲੋਂ ਅੰਗਰੇਜ਼ੀ ‘ਚ ਰਚੀਆਂ ਕਿਤਾਬਾਂ ਦਾ ਅਨੁਵਾਦ ਹਿੰਦੀ ਅਤੇ ਪੰਜਾਬੀ ‘ਚ ਵੀ ਹੋਇਆ ਹੈ। ਕੈਪਟਨ ਸਾਹਬ ਦੀ ਨਿੱਜੀ ਲਾਇਬ੍ਰੇਰੀ ਤਾਂ ਹੈ ਹੀ ਕਮਾਲ ਦਾ ਖ਼ਜ਼ਾਨਾ। ਉਨਾਂ ਨੇ ਦੁਨੀਆਂ ਭਰ ਦੀਆਂ ਅਹਿਮ ਅਤੇ ਮਹਿੰਗੀਆਂ ਕਿਤਾਬਾਂ ਇਕੱਠੀਆਂ ਕੀਤਿਆਂ ਹੋਈਆਂ ਹਨ ਅਤੇ ਸੌਣ ਤੋਂ ਪਹਿਲਾਂ ਇੱਕ ਘੰਟਾ ਰੋਜ਼ ਪੜਦੇ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਕਿਤਾਬਾਂ ਲਿਖਣ ਪੜਨ ਵਾਲੇ ਮੁੱਖ ਮੰਤਰੀ ਨੂੰ ਵੀ ਕਿਤਾਬਾਂ ਵਾਲੇ ਮਹਿਕਮੇ ਦਾ ਰਤਾ ਖ਼ਿਆਲ ਨਾ ਆਇਆ! ਫ਼ਿਰ ਹੋਰ ਕਿਸੇ ਨੂੰ ਤਾਂ ਆਉਣਾ ਕੀ ਹੋਇਆ। ਕੈਪਟਨ ਸਰਕਾਰ ਤੋਂ ਪਹਿਲਾਂ ਤਿੰਨ ਸਾਲ ਦੇ ਸ਼੍ਰੋਮਣੀ ਪੁਰਸਕਾਰ ਬਾਦਲ ਸਰਕਾਰ ਦੇਣੇ ਭੁਲ ਗਈ ਸੀ ਅਤੇ ਹੁਣ ਕੈਪਟਨ ਸਾਹਬ ਚਾਰ ਸਾਲਾਂ ਤੋਂ ਭੁੱਲੀ ਬੈਠੇ ਹਨ।
ਇੱਕ ਵਾਰ ਵੱਡੇ ਬਾਦਲ ਨੂੰ ਇੱਕ ਲੇਖਕ ਨੇ ਪੁੱਛਿਆ ਸੀ, ”ਕਦੇ ਕੋਈ ਕਿਤਾਬ ਪੜਦੇ ਹੋ? ”ਬਾਦਲ ਸਾਹਬ ਨੇ ਹੱਸ ਕੇ ਆਖਿਆ ਸੀ ਕਿ ਤੀਹ ਸਾਲ ਹੋ ਗਏ ਮੈਂ ਕੋਈ ਕਿਤਾਬ ਨਹੀਂ ਪੜੀ ਅਤੇ ਨਾ ਹੀ ਵਕਤ ਹੁੰਦੈ ਇਨਾਂ ਕੰਮਾਂ ਵਾਸਤੇ। ਪੁੱਛਣ ਵਾਲਾ ਅੱਗੋਂ ਕੁਛ ਨਾ ਬੋਲਿਆ। ਇਸ ਲਈ ਅੱਜ ਦਾ ਡਾਇਰੀਨਾਮਾ ਐਨਾ ਹੀ ਬਹੁਤ ਹੈ, ਹੁਣ ਮੈਂ ਅਗੇ ਨਹੀਂ ਬੋਲਣਾ। ਰੱਬ ਖ਼ੈਰ ਕਰੇ! ਪਰ ਨਵੀਂ ਬਣੀ ਚੰਨੀ ਸਾਹਬ ਦੀ ਸਰਕਾਰ ਤੋਂ ਆਸ ਕਰਦੇ ਹਾਂ ਕਿ ਉਹ ਰਹਿੰਦੀਆਂ ਸਾਰੀਆਂ ਕਸਰਾਂ ਪੂਰੀਆਂ ਕਰ ਦੇਣ ਅਤੇ ਪੰਜਾਬੀ ਜਗਤ ਪਾਸੋਂ ਯੱਸ਼ ਖੱਟਣ।