ਇਕ ਪਾਸੇ ਹਰਿਆਣਾ ਸਰਕਾਰ ਭਲਕੇ ਤੋਂ ਪ੍ਰਦੇਸ਼ ’ਚ ਝੋਨੇ ਦੀ ਖਰੀਦ ਸ਼ੁਰੂ ਕਰਨ ਜਾ ਰਹੀ ਹੈ ਤਾਂ ਦੂਜੇ ਪਾਸੇ ਕਿਸਾਨਾਂ ਨੇ ਮੇਰੀ ਫ਼ਸਲ-ਮੇਰਾ ਬਿਊਰਾ ਪੋਰਟਲ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਕਿਸਾਨਾਂ ਨੇ ਇਸ ਯੋਜਨਾ ਨੂੰ ਤੁਰੰਤ ਬੰਦ ਕਰਨ ਅਤੇ ਫ਼ਸਲ ਖਰੀਦ ਲਈ ਪੁਰਾਣੀ ਤਕਨੀਕ ਦਾ ਇਸਤੇਮਾਲ ਕਰਨ ਦੀ ਮੰਗ ਕੀਤੀ ਹੈ।
ਹਰਿਆਣਾ ’ਚ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚਢੂਨੀ ਨੇ ਇਸ ਬਾਬਤ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਲਿਖੀ ਚਿੱਠੀ ਨੂੰ ਜਾਰੀ ਕਰਦਿਆਂ ਕਿਹਾ ਕਿ ਮੰਡੀਆਂ ’ਚ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ ਅਤੇ ਮੇਰੀ ਫ਼ਸਲ, ਮੇਰਾ ਬਿਊਰੋ ਪੋਰਟਲ ਕਿਸਾਨਾਂ ਲਈ ਮੁਸੀਬਤ ਬਣਿਆ ਹੋਇਆ ਹੈ। ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਸੁਣਨ ਵਾਲਾ ਕੋਈ ਅਧਿਕਾਰੀ ਨਿਯੁਕਤ ਨਹੀਂ ਹੈ ਅਤੇ ਨਾ ਹੀ ਇਸ ਪੋਰਟਲ ਨਾਲ ਸਬੰਧਤ ਕੋਈ ਸ਼ਿਕਾਇਤ ਕੇਂਦਰ ਹੈ। ਇਸ ਦੇ ਹੱਲ ਨੂੰ ਲੈ ਕੇ ਕਿਸਾਨ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਚੱਕਰ ਲਾ-ਲਾ ਕੇ ਪਰੇਸ਼ਾਨ ਹੁੰਦੇ ਰਹਿੰਦੇ ਹਨ ਪਰ ਤੁਰੰਤ ਹੱਲ ਕੋਈ ਨਹੀਂ।
ਚਢੂਨੀ ਨੇ ਕਿਹਾ ਕਿ ਸਰਕਾਰ ਪ੍ਰਦੇਸ਼ ਦੀਆਂ ਮੰਡੀਆਂ ’ਚ ਸ਼ਿਕਾਇਤ ਕੇਂਦਰ ਬਣਾਵੇ ਨਹੀਂ ਤਾਂ ਇਸ ਪੋਰਟਲ ਨੂੰ ਬੰਦ ਕਰਨ ਦੇਣ ਤਾਂ ਕਿ ਕਿਸਾਨ ਪਹਿਲਾਂ ਵਾਂਗ ਖੁੱਲ੍ਹੇ ਤੌਰ ’ਤੇ ਮੰਡੀਆਂ ’ਚ ਆਪਣੀ ਫ਼ਸਲ ਵੇਚ ਸਕਣ। ਮੇਰੀ ਫ਼ਸਲ, ਮੇਰਾ ਬਿਊਰਾ ਪੋਰਟਲ ਤੋਂ ਕਿਸਾਨਾਂ ਵਲੋਂ ਦਰਜ ਕਰਵਾਇਆ ਗਿਆ ਕਾਫੀ ਡਾਟਾ ਖ਼ਤਮ ਹੋ ਗਿਆ ਹੈ ਜਾਂ ਫਿਰ ਕਿਸਾਨਾਂ ਨੇ ਦਰਜ ਕਰਵਾਏ ਗਏ ਏਕੜ ਦੀ ਸੂਚਨਾ ਨੂੰ ਘੱਟ ਦਰਸਾ ਰਿਹਾ ਹੈ। ਅਜਿਹੇ ਵਿਚ ਕਿਸਾਨ ਆਪਣੀ ਫ਼ਸਲ ਕਿਸ ਤਰ੍ਹਾਂ ਵੇਚ ਸਕਣਗੇ।