ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1412

ਜੇਕਰ ਤੁਹਾਡੀ ਪਲੇਟ ਬਹੁਤ ਜ਼ਿਆਦਾ ਭਰੀ ਹੋਵੇ ਤਾਂ ਤੁਹਾਨੂੰ ਕੀ ਕਰਨਾ ਚਾਹੀਦੈ, ਸ਼ਾਇਦ ਤੁਹਾਨੂੰ ਉਸ ਤੋਂ ਵੀ ਵੱਡੀ ਪਲੇਟ ਲਿਆਉਣੀ ਚਾਹੀਦੀ ਹੈ! ਪਰ ਵੱਡਾ ਮਸਲਾ ਤਾਂ ਇਹ ਹੈ ਕਿ ਜੇਕਰ ਤੁਸੀਂ ਅਜਿਹਾ ਕਰ ਵੀ ਲਿਆ, ਤੁਸੀਂ ਉਸ ਸਭ ਨੂੰ ਹਜ਼ਮ ਕਿਵੇਂ ਕਰੋਗੇ? ਹੋ ਸਕਦੈ ਤੁਹਾਨੂੰ ਇਸ ਤੋਂ ਵੀ ਵੱਧ ਸਿਰੇ ਦਾ ਕੁਝ ਕਰਨਾ ਪਵੇ ਜਿਵੇਂ ਕਿ ਖਾਣਾ ਪਰੋਸਣ ਵਾਲੇ ਖ਼ਾਨਸਾਮੇ ਨੂੰ ਪਲੇਟ ਦੇ ਕੇ ਉਸ ਨੂੰ ਬੇਨਤੀ ਕਰਨੀ ਕਿ ਉਹ ਤੁਹਾਡੀ ਪਲੇਟ ਵਿਚਲਾ ਕੁਝ ਸਾਮਾਨ ਕੱਢ ਲਵੇ। ਜੇ ਤੁਸੀਂ ਅਜਿਹਾ ਕਰਨ ‘ਚ ਅਸਮਰਥ ਮਹਿਸੂਸ ਕਰ ਰਹੇ ਹੋ ਤਾਂ ਫ਼ਿਰ ਤੁਹਾਨੂੰ ਹੀ ਥੋੜ੍ਹਾ ਤਰੱਦਦ ਕਰ ਕੇ ਆਪਣੀ ਪਲੇਟ ‘ਚ ਪਈਆਂ ਕੁਝ ਚੀਜ਼ਾਂ ਨੂੰ ਇੱਕ ਪਾਸੇ ਧਕੇਲ ਕੇ ਉਨ੍ਹਾਂ ਨੂੰ ਸੁੱਚਾ ਰੱਖਣਾ ਪੈਣੈ। ਜੇਕਰ ਤੁਸੀਂ ਇਹ ਮਜਬੂਰੀ ਮਹਿਸੂਸ ਕਰ ਰਹੇ ਹੋ ਕਿ ਤੁਹਾਨੂੰ ਉਹ ਸਭ ਕਰਨਾ ਹੀ ਪੈਣਾ ਹੈ ਜਿਸ ਦੀ ਤੁਹਾਡੇ ਤੋਂ ਤਵੱਕੋ ਕੀਤੀ ਜਾ ਰਹੀ ਹੈ ਤਾਂ ਸ਼ਾਇਦ ਤੁਸੀਂ ਕੋਈ ਨਾ ਕੋਈ ਗੈਸਕਟ ਹੀ ਉਡਾ ਬੈਠੋਗੇ। ਇਸ ਦੀ ਬਜਾਏ, ਤੁਹਾਨੂੰ ਕਿਤੇ ਨਾ ਕਿਤੇ ਲੀਕ ਖਿੱਚਣ ਦੀ ਲੋੜ ਹੈ।

ਮੁਸ਼ਕਿਲ ਅਤੇ ਬਹੁਤ ਸਖ਼ਤ ਮਿਹਨਤ ਮੰਗਣ ਵਾਲੀਆਂ ਪ੍ਰਸਥਿਤੀਆਂ ਨੇ ਤੁਹਾਨੂੰ ਝੰਬ ਕੇ ਹੰਭਾ ਸੁੱਟਿਐ। ਦਰਅਸਲ, ਤੁਹਾਡੀ ਨਿਰਾਸ਼ਾ ਦਾ ਰਿਸ਼ਤਾ ਸਿੱਧਾ ਉਸ ਥਕਾਵਟ ਨਾਲ ਹੈ ਜਿਹੜੀ ਤੁਸੀਂ ਮਹਿਸੂਸ ਕਰ ਰਹੇ ਹੋ। ਜਿਓਂ ਹੀ ਤੁਸੀਂ ਆਹਿਸਤਾ-ਆਹਿਸਤਾ ਆਪਣੀ ਤਾਕਤ ਵਾਪਿਸ ਹਾਸਿਲ ਕਰ ਲਵੋਗੇ, ਤੁਹਾਡੇ ਦਿਲ ‘ਚ ਬਲਣ ਵਾਲੀ ਉਮੀਦ ਦੀ ਲਾਟ ਮੁੜ ਸੁਲਗ ਉੱਠੇਗੀ। ਜਿਹੜੀਆਂ ਨਵੀਆਂ ਸਥਿਤੀਆਂ ਦਾ ਤੁਸੀਂ ਇਸ ਵਕਤ ਸਾਹਮਣਾ ਕਰ ਰਹੇ ਹੋ, ਤੁਸੀਂ ਉਨ੍ਹਾਂ ਵੱਲ ਵਧੇਰੇ ਸਾਕਾਰਾਤਮਕਤਾ ਨਾਲ ਦੇਖਣਾ ਸ਼ੁਰੂ ਕਰ ਦਿਓਗੇ ਅਤੇ ਆਪਣੇ ਸੰਸਾਰ ਵਿਚਲੇ ਕੁਝ ਵਧੇਰੇ ਚੁਣੌਤੀ ਭਰਪੂਰ ਵਿਅਕਤੀਆਂ ਬਾਰੇ ਵੀ ਤੁਸੀਂ ਖ਼ੁਸ਼ੀ ਮਹਿਸੂਸ ਕਰੋਗੇ। ਉਹ ਲੋਕ ਇੰਨੇ ਬੁਰੇ ਨਹੀਂ ਅਤੇ ਤੁਹਾਨੂੰ ਦਰਪੇਸ਼ ਮਸਲੇ ਵੀ ਇੰਨੇ ਵੱਡੇ ਨਹੀਂ। ਤੁਹਾਨੂੰ ਕੇਵਲ ਉਨ੍ਹਾਂ ਨੂੰ ਸਹੀ ਭਾਵਨਾ ‘ਚ ਦੇਖਣ ਦੀ ਲੋੜ ਹੈ।

ਕਈ ਵਾਰ, ਸਾਨੂੰ ਇੰਝ ਜਾਪਦੈ ਜੀਵਨ ਜਿਵੇਂ ਕੇਵਲ ਕਿਸੇ ਗੋਲ ਚੱਕਰ ਦੁਆਲੇ ਪਰਿਕਰਮਾ ਕਰਨ ਦੀ ਇੱਕ ਕਸਰਤ ਹੋਵੇ। ਇੱਕ ਪਲ ਸਾਨੂੰ ਇੰਝ ਲੱਗਦੈ ਚੀਜ਼ਾਂ ਜਿਵੇਂ ਇੱਕ ਨਵੇਂ ਅਤੇ ਸ਼ਾਨਦਾਰ ਪਾਸੇ ਵੱਲ ਮੋੜਾ ਖਾਣ ਵਾਲੀਆਂ ਹਨ, ਫ਼ਿਰ ਅਚਾਨਕ ਸਾਨੂੰ ਅਹਿਸਾਸ ਹੁੰਦਾ ਹੈ ਕਿ ਉਹ ਤਾਂ ਉਸੇ ਪੁਰਾਣੇ ਢੰਗ ਨਾਲ ਹੀ ਬਦਲ ਰਹੀਆਂ ਹਨ ਜਿਵੇਂ ਉਹ ਓਦੋਂ ਬਦਲੀਆਂ ਸਨ ਜਦੋਂ ਆਖਰੀ ਵਾਰ ਇਹੋ ਜਿਹੇ ਹਾਲਾਤ ਨਾਲ ਸਾਡਾ ਵਾਹ ਪਿਆ ਸੀ। ਚੰਗੀ ਖ਼ਬਰ ਇਹ ਹੈ ਕਿ ਤੁਸੀਂ ਕਿਸੇ ਅਜਿਹੇ ਚੱਕਰ ‘ਚ ਫ਼ਸੇ ਹੋਏ ਨਹੀਂ ਜਿਹੜਾ ਘੁੰਮਣੋਂ ਕਦੇ ਰੁੱਕਦਾ ਹੀ ਨਹੀਂ। ਇਸ ਤੋਂ ਵੀ ਚੰਗੀ ਖ਼ਬਰ ਇਹ ਹੈ ਕਿ ਛੇਤੀ ਹੀ ਤੁਹਾਡਾ ਸਾਹਮਣਾ ਹੋਰ ਨਵੀਆਂ ਚੁਣੌਤੀਆਂ ਨਾਲ ਹੋਵੇਗਾ ਜਿਨ੍ਹਾਂ ਨਾਲ ਨਜਿੱਠਣਾ, ਸ਼ੁਰੂ ‘ਚ, ਤੁਹਾਨੂੰ ਨਹੀਂ ਆਵੇਗਾ। ਪਰ ਫ਼ਿਰ ਛੇਤੀ ਹੀ ਤੁਹਾਨੂੰ ਉਸ ਦਾ ਢੰਗ ਵੀ ਲੱਭ ਜਾਵੇਗਾ।

ਪਦਾਰਥਵਾਦੀ ਸੰਸਾਰ ਨਾਲ ਸਾਡਾ ਰਿਸ਼ਤਾ ਅਕਸਰ ਸਾਨੂੰ ਮਾਯੂਸ ਛੱਡ ਜਾਂਦੈ। ਅਸੀਂ ਸਫ਼ਲਤਾ ਦੇ ਲਾਗੇ ਪਹੁੰਚਦੇ ਹਾਂ, ਪਰ ਬਸ ਜਦੋਂ ਅਸੀਂ ਉਸ ਡੀਲ ਨੂੰ ਸੀਲ ਕਰਨ ਵਾਲੇ ਹੁੰਦੇ ਹਾਂ ਜਾਂ ਮੌਕੇ ਨੂੰ ਬੋਚਣ ਵਾਲੇ ਤਾਂ ਅਸੀਂ ਪਰਾਜਿਤ ਮਹਿਸੂਸ ਕਰਨ ਲੱਗਦੇ ਹਾਂ ਕਿਉਂਕਿ ਜ਼ਿੰਦਗੀ ਸਾਨੂੰ ਉਸ ਅਹਿਮ ਪ੍ਰਕਿਰਿਆ ਨੂੰ ਮੁਕੰਮਲ ਹੀ ਨਹੀਂ ਕਰਨ ਦਿੰਦੀ ਜਾਂ ਕਿਸੇ ਲਾਹੇਵੰਦ ਸਥਿਤੀ ਦਾ ਫ਼ਾਇਦਾ ਨਹੀਂ ਉਠਾੳਣ ਦਿੰਦੀ। ਜਦੋਂ ਕਦੇ ਸਾਨੂੰ ਉਹ ਮਿਲ ਵੀ ਜਾਂਦਾ ਹੈ ਜਿਸ ਦੀ ਅਸੀਂ ਚੇਸ਼ਟਾ ਕੀਤੀ ਸੀ, ਸਾਡੀ ਪ੍ਰਵਿਰਤੀ ਉਸ ਨੂੰ ਇੱਕ ਤੁੱਕੇ ਦੇ ਰੂਪ ‘ਚ ਦੇਖਣ ਦੀ ਬਣ ਜਾਂਦੀ ਹੈ।

Needs must when the Devil drives, ਇਹ ਕਹਾਵਤ ਅੰਗ੍ਰੇਜ਼ੀ ਦੇ ਇੱਕ ਗੁਮਨਾਮ ਲੇਖਕ ਨੇ 1420 ‘ਚ ਲਿਖੀ ਆਪਣੀ ਇੱਕ ਕਵਿਤਾ ਅਸੈਂਬਲੀ ਔਫ਼ ਗੌਡਜ਼, ਭਾਵ ਰੱਬਾਂ ਦਾ ਇਕੱਠ, ‘ਚ ਵਰਤੀ ਸੀ ਜਿਸ ਦਾ ਢਿੱਲਾ ਜਿਹਾ ਤਰਜਮਾ ਹੈ ਕਿ ਜਦੋਂ ਸ਼ੈਤਾਨ ਸਾਨੂੰ ਚਲਾ ਰਿਹਾ ਹੋਵੇ ਤਾਂ ਫ਼ਿਰ ਸਾਨੂੰ ਉਹੀ ਕਰਨਾ ਪੈਂਦਾ ਹੈ ਜੋ ਉਹ ਚਾਹੇ। ਲੋਕ ਵੀ ਅਕਸਰ ਕਹਿੰਦੇ ਸੁਣੇ ਜਾ ਸਕਦੇ ਨੇ ਕਿ ਮਰਤਾ ਕਿਆ ਨਾ ਕਰਤਾ, ਖ਼ਾਸਕਰ ਓਦੋਂ ਜਦੋਂ ਉਨ੍ਹਾਂ ਦੀ ਬਰਦਾਸ਼ਤ ਦੀ ਸੀਮਾ ਤੋਂ ਉਨ੍ਹਾਂ ਨੂੰ ਪਾਰ ਧੱਕਿਆ ਜਾ ਰਿਹਾ ਹੋਵੇ ਅਤੇ ਉਨ੍ਹਾਂ ‘ਤੇ ਅਵਿਸ਼ਕਾਰਸ਼ੀਲ ਹੋਣ ਦਾ ਦਬਾਅ ਹੋਵੇ। ਉਹ ਇੱਕ ਹੋਰ ਅਖਾਣ ਦਾ ਵੀ ਇਸਤੇਮਾਲ ਕਰਦੇ ਨੇ … ਲੋੜ ਅਵਿਸ਼ਕਾਰ ਦੀ ਜਣਨੀ ਹੈ। ਨਿੱਜੀ ਤੌਰ ‘ਤੇ ਮੈਂ ਇਸ ਮੁਹਾਵਰੇ ਨੂੰ ਵਧੇਰੇ ਪਸੰਦ ਕਰਦ ਹਾਂ ਕਿਉਂਕਿ ਇਸ ਵਿੱਚ ਉਸ ਨਾਕਾਰਾਤਮਕ ਹਸਤੀ ਦਾ ਜ਼ਿਕਰ ਨਹੀਂ। ਤੁਹਾਨੂੰ ਕਿਸੇ ਮੌਜੂਦਾ ਚੁਣੌਤੀ ਨੂੰ ਇੱਕ ਮਸਲੇ ਜਾਂ ਸਜ਼ਾ ਵਾਂਗ ਨਹੀਂ ਦੇਖਣਾ ਚਾਹੀਦਾ। ਉਹ ਕੇਵਲ ਤੁਹਾਡੇ ਲਈ ਇੱਕ ਮੌਕਾ ਹੈ ਕੁਝ ਅਜਿਹਾ ਕਰਨ ਦਾ ਜਿਹੜਾ ਤੁਹਾਨੂੰ ਇੱਕ ਲੰਬੇ ਅਰਸੇ ਤੋਂ ਕਰਨ ਦੀ ਸੱਚਮੁੱਚ ਲੋੜ ਸੀ।