ਫਰਿਜ਼ਨੋ (ਕੈਲੀਫੋਰਨੀਆ) – ਅਮਰੀਕੀ ਏਜੰਸੀ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ. ਡੀ. ਏ.) ਨੇ ਬੁੱਧਵਾਰ ਨੂੰ ਬਜ਼ੁਰਗਾਂ ਅਤੇ ਸਿਹਤ ਸਮੱਸਿਆਵਾਂ ਵਾਲੇ ਲੋਕਾਂ ਲਈ ਫਾਈਜ਼ਰ ਦੇ ਕੋਵਿਡ-19 ਟੀਕੇ ਦੀ ਬੂਸਟਰ ਖੁਰਾਕ ਨੂੰ ਅਧਿਕਾਰਤ ਕੀਤਾ ਹੈ। ਏਜੰਸੀ ਅਨੁਸਾਰ ਇਸ ਯੋਜਨਾ ਤਹਿਤ ਟੀਕੇ ਲਈ ਯੋਗ ਲੋਕਾਂ ਨੂੰ ਫਾਈਜ਼ਰ ਦੀ ਦੂਜੀ ਖੁਰਾਕ ਮਿਲਣ ਤੋਂ ਛੇ ਮਹੀਨੇ ਬਾਅਦ ਹੀ ਬੂਸਟਰ ਖੁਰਾਕ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ।
ਬੁੱਧਵਾਰ ਨੂੰ ਮਿਲੀ ਐੱਫ. ਡੀ. ਏ. ਦੀ ਮਨਜ਼ੂਰੀ ਦਾ ਅਧਿਕਾਰ ਸਿਰਫ ਫਾਈਜ਼ਰ ਵੈਕਸੀਨ ‘ਤੇ ਲਾਗੂ ਹੁੰਦਾ ਹੈ ਅਤੇ ਅਜੇ ਵੀ ਇਸ ਦੀ ਵਰਤੋਂ ਤੋਂ ਪਹਿਲਾਂ ਬੂਸਟਰ ਖੁਰਾਕ ਲਈ ਸੀ. ਡੀ. ਸੀ. ਦੀ ਮਨਜ਼ੂਰੀ ਦੀ ਲੋੜ ਹੈ। ਸੀ. ਡੀ. ਸੀ. ਦੁਆਰਾ ਹਾਂ ਕਹਿਣ ਦੇ ਬਾਅਦ 65 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਅਤੇ 18 ਤੋਂ 64 ਸਾਲ ਦੀ ਉਮਰ ਦੇ ਗੰਭੀਰ ਸਿਹਤ ਸਮੱਸਿਆਵਾਂ ਵਾਲੇ ਲੋਕਾਂ ਨੂੰ ਫਾਈਜ਼ਰ ਦਾ ਸਿੰਗਲ ਡੋਜ਼ ਬੂਸਟਰ ਸ਼ਾਟ ਮਿਲ ਸਕਦਾ ਹੈ। ਇਸ ਤੀਜੀ ਖੁਰਾਕ ਲਈ ਸੀ. ਡੀ. ਸੀ. ਦਾ ਸਲਾਹਕਾਰ ਪੈਨਲ ਵੀਰਵਾਰ ਨੂੰ ਵੋਟ ਪਾ ਸਕਦਾ ਹੈ।