ਮਹਿਬੂਬਾ ਮੁਫ਼ਤੀ ਦਾ ਦੋਸ਼, ਮੈਨੂੰ ਆਪਣੇ ਹੀ ਘਰ ’ਚ ਕੀਤਾ ਗਿਆ ਬੰਦ

ਸ਼੍ਰੀਨਗਰ— ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਦੱਖਣੀ ਕਸ਼ਮੀਰ ’ਚ ਪੁਲਵਾਮਾ ਜ਼ਿਲ੍ਹੇ ਦੇ ਤ੍ਰਰਾਲ ਜਾਣ ਤੋਂ ਰੋਕਣ ਲਈ ਘਰ ਵਿਚ ਬੰਦ ਕਰ ਦਿੱਤਾ ਗਿਆ ਹੈ। ਤ੍ਰਰਾਲ ’ਚ ਫ਼ੌਜ ਨੇ 27 ਸਤੰਬਰ ਦੀ ਰਾਤ ਨੂੰ ਇਕ ਘਰ ਵਿਚ ਭੰਨ-ਤੋੜ ਅਤੇ ਘਰ ’ਚ ਰਹਿਣ ਵਾਲਿਆਂ ਦੀ ਕੁੱਟਮਾਰ ਕੀਤੀ। ਪੀਪੁਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਪ੍ਰਧਾਨ ਮੁਫ਼ਤੀ ਨੇ ਕਿਹਾ ਕਿ ਇਹ ਕਸ਼ਮੀਰ ਦੀ ਅਸਲ ਤਸਵੀਰ ਹੈ।
ਮੁਫ਼ਤੀ ਨੇ ਟਵਿੱਟਰ ’ਤੇ ਟਵੀਟ ਕਰ ਕੇ ਕਿਹਾ ਕਿ ਤ੍ਰਰਾਲ ਵਿਚ ਫ਼ੌਜ ਵਲੋਂ ਤਹਿਸ-ਨਹਿਸ ਕੀਤੇ ਗਏ ਪਿੰਡ ਦਾ ਦੌਰਾ ਕਰਨ ਦੀ ਕੋਸ਼ਿਸ਼ ਕਰਨ ਲਈ ਅੱਜ ਇਕ ਵਾਰ ਫਿਰ ਮੈਨੂੰ ਆਪਣੇ ਹੀ ਘਰ ਵਿਚ ਬੰਦ ਕਰ ਦਿੱਤਾ ਗਿਆ। ਇਹ ਕਸ਼ਮੀਰ ਦੀ ਅਸਲ ਤਸਵੀਰ ਹੈ ਅਤੇ ਇੱਥੇ ਆਉਣ ਵਾਲੇ ਲੋਕਾਂ ਨੂੰ ਕੇਂਦਰ ਸਰਕਾਰ ਦੀ ਸਾਫ਼-ਸੁਥਰੀ ਅਤੇ ਪਿਕਨਿਕ ਸੈਰ-ਸਪਾਟਾ ਦੀ ਬਜਾਏ ਇਹ ਵਿਖਾਇਆ ਜਾਣਾ ਚਾਹੀਦਾ ਹੈ। ਦਰਅਸਲ ਮੁਫ਼ਤੀ ਨੇ ਮੰਗਲਵਾਰ ਨੂੰ ਦੋਸ਼ ਲਾਇਆ ਸੀ ਕਿ ਫ਼ੌਜ ਨੇ ਸੋਮਵਾਰ ਰਾਤ ਦੱਖਣੀ ਕਸ਼ਮੀਰ ਜ਼ਿਲ੍ਹੇ ਦੇ ਪੁਲਵਾਮਾ ’ਚ ਘਰਾਂ ਵਿਚ ਭੰਨ-ਤੋੜ ਕੀਤੀ ਅਤੇ ਇਕ ਪਰਿਵਾਰ ਦੇ ਮੈਂਬਰਾਂ ਦੀ ਕੁੱਟਮਾਰ ਕੀਤੀ। ਉਨ੍ਹਾਂ ਨੇ ਦੋਸ਼ ਲਾਇਆ ਸੀ ਕਿ ਇਕ ਮਹਿਲਾ ਨੂੰ ਸਿਰ ’ਚ ਸੱਟ ਲੱਗੀ ਹੈ ਅਤੇ ਉਸ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।