ਕੋਝੀਕੋਡ— ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅੱਜ ਯਾਨੀ ਕਿ ਬੁੱਧਵਾਰ ਨੂੰ ਕੇਰਲ ਦੇ ਇਕ ਦਿਨਾ ਦੌਰੇ ’ਤੇ ਰਹਿਣਗੇ। ਆਪਣੇ ਕੇਰਲ ਦੌਰੇ ਦੌਰਾਨ ਰਾਹੁਲ ਕੋਝੀਕੋਡ ਅਤੇ ਮਲਪੁਰਮ ਦਾ ਦੌਰਾ ਕਰਨਗੇ ਅਤੇ ਵਰਕਰਾਂ ਨੂੰ ਸੰਬੋਧਨ ਕਰਨਗੇ। ਆਪਣੀ ਯਾਤਰਾ ਦੌਰਾਨ ਰਾਹੁਲ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਵੀ ਰੱਖਣਗੇ। ਸੂਤਰਾਂ ਮੁਤਾਬਕ ਉਹ ਮਲਪੁਰਮ ’ਚ ਐੱਚ. ਆਈ. ਐੱਮ. ਏ. ਡਾਇਲਿਸਿਸ ਅਤੇ ਕੋਝੀਕੋਡ ਵਿਚ ਸੀਨੀਅਰ ਨਾਗਰਿਕਾਂ ਲਈ ਮਨੋਰੰਜਨ ਕੇਂਦਰ ਦਾ ਉਦਘਾਟਨ ਕਰਨਗੇ। ਰਾਹੁਲ ਗਾਂਧੀ ਕੋਝੀਕੋਡ ਵਿਚ ਏ. ਆਈ. ਐੱਮ. ਈ. ਆਰ. ਬਿਜ਼ਨੈੱਸ ਸਕੂਲ ਦਾ ਨੀਂਹ ਪੱਥਰ ਵੀ ਰੱਖਣਗੇ। ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਵੀਰਵਾਰ ਸਵੇਰੇ ਰਾਸ਼ਟਰੀ ਰਾਜਧਾਨੀ ਦਿੱਲੀ ਪਰਤਣਗੇ।
ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ’ਚ ਉਠੇ ਸਿਆਸੀ ਸੰਕਟ ਦਰਮਿਆਨ ਰਾਹੁਲ ਗਾਂਧੀ ਦਾ ਕੇਰਲ ਦੌਰਾ ਹੋ ਰਿਹਾ ਹੈ। ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇ ਕੇ ਪਾਰਟੀ ’ਚ ਹਲ-ਚਲ ਪੈਦਾ ਕਰ ਦਿੱਤੀ ਹੈ। ਮੀਡੀਆ ਦੀਆਂ ਸੁਰਖੀਆਂ ਵਿਚ ਸਿੱਧੂ ਛਾਏ ਹੋਏ ਹਨ। ਉੱਥੇ ਹੀ ਸਿੱਧੂ ਤੋਂ ਬਾਅਦ ਪੰਜਾਬ ਕਾਂਗਰਸ ’ਚ ਅਸਤੀਫ਼ਿਆਂ ਦੀ ਝੜੀ ਲੱਗ ਗਈ ਹੈ ਅਤੇ ਕਈ ਮੰਤਰੀਆਂ ਨੇ ਅਸਤੀਫ਼ਾ ਦੇ ਦਿੱਤਾ ਹੈ। ਹਾਲਾਂਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅਜੇ ਵੀ ਸਿੱਧੂ ਦਾ ਅਸਤੀਫ਼ਾ ਮਨਜ਼ੂਰ ਨਹੀਂ ਕੀਤਾ ਹੈ।