ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਸਤੰਬਰ ਨੂੰ ਦੇਸ਼ ਦੇ ਖੇਤੀਬਾੜੀ ਜਗਤ ਨੂੰ ਇੱਕ ਵੱਡਾ ਤੋਹਫ਼ਾ ਦੇਣ ਜਾ ਰਹੇ ਹਨ। ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਵੀਂ ਫਸਲਾਂ ਦੀਆਂ 35 ਕਿਸਮਾਂ ਦੇਸ਼ ਨੂੰ ਸਮਰਪਿਤ ਕਰਨਗੇ। ਇਸ ਤੋਂ ਇਲਾਵਾ ਪੀ.ਐੱਮ. ਦੁਆਰਾ ਨੈਸ਼ਨਲ ਇੰਸਟੀਚਿਊਟ ਆਫ ਬਾਇਓਟਿਕ ਸਟ੍ਰੈਸ ਟੌਲਰੈਂਸ ਰਾਏਪੁਰ ਦੇ ਨਵੇਂ ਕੰਪਲੈਸ ਦਾ ਵੀ ਉਦਘਾਟਨ ਕੀਤਾ ਜਾਵੇਗਾ। ਅੱਜ ਸਵੇਰੇ 11 ਵਜੇ ਇਹ ਪ੍ਰੋਗਰਾਮ ਸ਼ੁਰੂ ਹੋਵੇਗਾ ਅਤੇ ਪੀ.ਐੱਮ. ਮੋਦੀ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇਸ ਵਿੱਚ ਹਿੱਸਾ ਲੈਣਗੇ।
ਦੇਸ਼ ਨੂੰ 35 ਨਵੀਆਂ ਫਸਲਾਂ ਮਿਲਣਗੀਆਂ
ਪੀ.ਐੱਮ. ਨੇ ਟਵੀਟ ਕਰ ਕਿਹਾ ਹੈ ਕਿ ਮੰਗਲਵਾਰ ਸਵੇਰੇ 11 ਵਜੇ ਇੱਕ ਮਹੱਤਵਪੂਰਨ ਖੇਤੀਬਾੜੀ ਪ੍ਰੋਗਰਾਮ ਹੋਣ ਜਾ ਰਿਹਾ ਹੈ। 35 ਨਵੀਆਂ ਫਸਲਾਂ ਦੀਆਂ ਕਿਸਮਾਂ ਨੂੰ ਦੇਸ਼ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਨੈਸ਼ਨਲ ਇੰਸਟੀਚਿਊਟ ਆਫ ਬਾਇਓਟਿਕ ਸਟ੍ਰੈਸ ਟੌਲਰੈਂਸ ਰਾਏਪੁਰ ਦੇ ਨਵੇਂ ਕੰਪਲੈਕਸ ਦਾ ਵੀ ਉਦਘਾਟਨ ਕਰਨਗੇ।
ਦੂਜੇ ਟਵੀਟ ਵਿੱਚ ਪੀ.ਐੱਮ. ਨੇ ਜਾਣਕਾਰੀ ਦਿੱਤੀ ਹੈ ਕਿ ਇਨ੍ਹਾਂ ਨਵੀਆਂ ਫਸਲਾਂ ਦੀਆਂ ਕਿਸਮਾਂ ਨੂੰ ICAR ਨੇ ਕਾਫ਼ੀ ਰਿਸਰਚ ਤੋਂ ਬਾਅਦ ਤਿਆਰ ਕੀਤਾ ਹੈ। ਇਨ੍ਹਾਂ ਨਵੀਆਂ ਫਸਲਾਂ ਰਾਹੀਂ ਜਲਵਾਯੂ ਪਰਿਵਰਤਨ ਅਤੇ ਕੁਪੋਸ਼ਣ ਦੇ ਪ੍ਰਭਾਵ ਨੂੰ ਘੱਟ ਕੀਤਾ ਜਾਵੇਗਾ। ਮੈਂ ਸਾਡੇ ਮਿਹਨਤਕਸ਼ ਕਿਸਾਨਾਂ ਨਾਲ ਵੀ ਗੱਲ ਕਰਨ ਜਾ ਰਿਹਾ ਹਾਂ।
ਕੀ ਹੈ ਇਨ੍ਹਾਂ ਫਸਲਾਂ ਦੀ ਵਿਸ਼ੇਸ਼ਤਾ?
ਦੱਸਿਆ ਜਾ ਰਿਹਾ ਹੈ ਕਿ ਪੀ.ਐੱਮ. ਕਈ ਤਰ੍ਹਾਂ ਦੀਆਂ ਫਸਲਾਂ ਦੇ ਤੋਹਫ਼ੇ ਦੇਸ਼ ਨੂੰ ਦੇਣ ਜਾ ਰਹੇ ਹਨ। ਇਸ ਸੂਚੀ ਵਿੱਚ ਛੌਲੇ ਦੀ ਅਜਿਹੀ ਫਸਲ ਵੀ ਰਹਿਣ ਵਾਲੀ ਹੈ ਜੋ ਆਸਾਨੀ ਨਾਲ ਸੋਕੇ ਦੀ ਮਾਰ ਝੱਲ ਸਕਦੀ ਹੈ। ਇਸ ਤੋਂ ਇਲਾਵਾ ਇਮਿਊਨਿਟੀ ਵਾਲੇ ਚੌਲ ਵੀ ਤਿਆਰ ਕੀਤੇ ਗਏ ਹਨ। ਇਸ ਤੋਂ ਇਲਾਵਾ ਬਾਜਰਾ, ਮੱਕੀ, ਬਕਵੀਟ ਵਰਗੀਆਂ ਫਸਲਾਂ ਦੀਆਂ ਵੱਖ-ਵੱਖ ਕਿਸਮਾਂ ਵੀ ਦੇਸ਼ ਨੂੰ ਮਿਲਣ ਜਾ ਰਹੀਆਂ ਹਨ।
ਗ੍ਰੀਨ ਕੈਂਪਸ ਅਵਾਰਡ ਕਿਸ ਨੂੰ ਦਿੱਤਾ ਜਾਵੇਗਾ?
ਉਂਝ ਇਨ੍ਹਾਂ ਫਸਲਾਂ ਤੋਂ ਇਲਾਵਾ ਪੀ.ਐੱਮ. ਮੋਦੀ ਅੱਜ ਖੇਤੀਬਾੜੀ ਯੂਨੀਵਰਸਿਟੀਆਂ ਨੂੰ ਗ੍ਰੀਨ ਕੈਂਪਸ ਐਵਾਰਡ ਨਾਲ ਸਨਮਾਨਿਤ ਕਰਨ ਜਾ ਰਹੇ ਹਨ। ਉਹ ਉਨ੍ਹਾਂ ਕਿਸਾਨਾਂ ਨਾਲ ਵੀ ਗੱਲਬਾਤ ਕਰਨ ਜਾ ਰਹੇ ਹਨ, ਜਿਨ੍ਹਾਂ ਨੇ ਖੇਤੀ-ਬਾੜੀ ਵਿੱਚ ਨਵੀਆਂ ਤਕਨੀਕਾਂ ਦੇ ਇਸਤੇਮਾਲ ‘ਤੇ ਜ਼ੋਰ ਦਿੱਤਾ ਹੈ। ਖ਼ਬਰ ਹੈ ਕਿ ਇਸ ਖਾਸ ਮੌਕੇ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਅਤੇ ਛੱਤੀਸਗੜ੍ਹ ਦੇ ਸੀ.ਐੱਮ. ਭੂਪੇਸ਼ ਬਘੇਲ ਮੌਜੂਦ ਰਹਿਣ ਵਾਲੇ ਹਨ।