ਕੋਲਕਾਤਾ— ਮੰਨੇ-ਪ੍ਰਮੰਨੇ ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਰਸਮੀ ਤੌਰ ’ਤੇ ਕੋਲਕਾਤਾ ਤੋਂ ਵੋਟਰ ਲਿਸਟ ਵਿਚ ਵੋਟਰ ਦੇ ਰੂਪ ਵਿਚ ਨਾਂ ਦਰਜ ਕਰਵਾ ਲਿਆ ਹੈ। ਪ੍ਰਸ਼ਾਂਤ ਕਿਸ਼ੋਰ ਨੇ ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਦੇ ਚੋਣ ਹਲਕੇ ਭਵਾਨੀਪੁਰ ਤੋਂ ਵੋਟਰ ਦੇ ਰੂਪ ਵਿਚ ਨਾਂ ਦਰਜ ਕਰਵਾਇਆ ਹੈ। ਇੱਥੋਂ ਹੀ ਮੁੱਖ ਮੰਤਰੀ ਮਮਤਾ ਬੈਨਰਜੀ ਸੂਬਾ ਵਿਧਾਨ ਸਭਾ ’ਚ ਪ੍ਰਵੇਸ਼ ਕਰਨ ਲਈ ਚੋਣ ਲੜੇਗੀ। ਪ੍ਰਸ਼ਾਂਤ ਕਿਸ਼ੋਰ ਪਹਿਲਾਂ ਬਿਹਾਰ ਦੇ ਰੋਹਤਾਸ ਜ਼ਿਲ੍ਹੇ ਵਿਚ ਆਪਣੇ ਜੱਦੀ ਪਿੰਡ ’ਚ ਵੋਟਰ ਸਨ।
ਦੱਸ ਦੇਈਏ ਕਿ ਪ੍ਰਸ਼ਾਂਤ ਤ੍ਰਿਣਮੂਲ ਕਾਂਗਰਸ ਦੇ ਸਲਾਹਕਾਰ ਰਹੇ ਹਨ। ਉਨ੍ਹਾਂ ਨੇ ਮਮਤਾ ਬੈਨਰਜੀ ਅਤੇ ਉਨ੍ਹਾਂ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਨੂੰ ਹਾਲ ਦੀਆਂ ਵਿਧਾਨ ਸਭਾ ਚੋਣਾਂ ’ਚ ਸ਼ਾਨਦਾਰ ਪ੍ਰਦਰਸ਼ਨ ਨਾਲ ਸੱਤਾ ’ਚ ਬਣਾ ਕੇ ਰੱਖਣ ’ਚ ਮਦਦ ਕੀਤੀ ਸੀ। ਪ੍ਰਸ਼ਾਂਤ ਨੇ ਅਪ੍ਰੈਲ 2021 ’ਚ ਹੋਈਆਂ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣਾ ਨਾਂ ਦਰਜ ਕਰਵਾਇਆ ਸੀ। ਸੂਤਰਾਂ ਮੁਤਾਬਕ ਉਨ੍ਹਾਂ ਨੇ ਇਹ ਬਦਲਾਅ ਇਸ ਖ਼ਦਸ਼ੇ ਨੂੰ ਵੇਖਦੇ ਹੋਏ ਕੀਤਾ ਕਿ ਭਾਜਪਾ ਵਿਧਾਨ ਸਭਾ ਚੋਣਾਂ ਦਰਮਿਆਨ ਉਨ੍ਹਾਂ ਨੂੰ ਕੋਲਕਾਤਾ ਤੋਂ ਬਾਹਰ ਕੱਢਣ ਲਈ ਚੋਣ ਕਮਿਸ਼ਨ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਸਕਦੀ ਹੈ। ਪ੍ਰਸ਼ਾਂਤ ਕਿਸ਼ੋਰ ਅਤੇ ਉਨ੍ਹਾਂ ਦੀ ਭਾਰਤੀ ਰਾਜਨੀਤਕ ਕਾਰਵਾਈ ਕਮੇਟੀ (ਆਈ. ਪੀ. ਏ. ਸੀ.) ਦੀ ਮਦਦ ਨਾਲ ਮਮਤਾ ਦੀ ਪਾਰਟੀ ਨੇ 292 ਸੀਟਾਂ ’ਚੋਂ 213 ਸੀਟਾਂ ਜਿੱਤੀਆਂ ਸਨ।